ਲੁਧਿਆਣਾ: ਬੀਤੇ ਦਿਨ ਲੁਧਿਆਣਾ ਡਵੀਜ਼ਨ ਨੰਬਰ 6 ਥਾਣੇ ਦੇ ਇੰਚਾਰਜ ਮਧੂ ਬਾਲਾ ਜਾਂਚ ਕਰਨ ਲਈ ਮੁਲਜ਼ਮ ਜਸਵੀਰ ਕੌਰ ਦੇ ਘਰ ਗਈ ਸੀ ਜਿਸ ਤੋਂ ਬਾਅਦ ਅੱਜ ਥਾਣੇ ਪਹੁੰਚ ਕੇ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਪੁਲਿਸ ਉਪਰ ਗੰਭੀਰ ਇਲਜ਼ਾਮ ਲਗਾਏ ਅਤੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਭਰਾ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਮਾਮਲੇ ਵਿਚ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ । ਉਨ੍ਹਾਂ ਨੇ ਕਿਹਾ ਕਿ ਪੁਲਿਸ ਵੱਲੋਂ ਇੱਕ ਪਾਸੜ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਕੋਈ ਵੀ ਆਦਮੀ ਆਪਣੇ ਖਿਲਾਫ਼ ਸੀਬੀਆਈ ਜਾਂਚ ਦੀ ਮੰਗ ਨਹੀਂ ਕਰਦਾ, ਪਰ ਉਹ ਕਰਦੇ ਹਨ।
ਉਨ੍ਹਾਂ ਨੇ ਪੁਲਿਸ ਉਪਰ ਵੀ ਇਲਜ਼ਾਮ ਲਗਾਇਆ ਕਿ ਪੁਲਿਸ ਅਧਿਕਾਰੀ ਮਧੂ ਬਾਲਾ, ਮੁਲਜ਼ਮ ਮਹਿਲਾ ਜਸਵੀਰ ਕੌਰ ਦੇ ਘਰ ਗਈ ਸੀ ਅਤੇ ਉਸ ਦੀ ਬੇਟੀ ਨਾਲ ਗਲਤ ਵਿਵਹਾਰ ਕੀਤਾ ਜਿਸ ਦੇ ਚਲਦਿਆਂ ਬੇਟੀ ਬੇਹੋਸ਼ ਹੋ ਗਈ। ਬਲਵਿੰਦਰ ਬੈਂਸ ਨੇ ਕਿਹਾ ਕਿ ਜਸਵੀਰ ਕੌਰ ਦੇ ਪਰਿਵਾਰਕ ਮੈਂਬਰਾਂ ਨੂੰ ਡਰਾਇਆ ਧਮਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦਾ ਵਤੀਰਾ ਸਹੀ ਨਹੀਂ ਹੈ, ਇਸ ਤਰਾਂ ਕਿਸੇ ਦੇ ਘਰ ਜਾ ਕੇ ਉਸ ਨੂੰ ਦਿਮਾਗ਼ੀ ਤੌਰ 'ਤੇ ਪ੍ਰੇਸ਼ਾਨ ਕਰਨਾ ਗ਼ਲਤ ਹੈ।
ਦੂਜੇ ਪਾਸੇ, ਪੁਲਿਸ ਅਧਿਕਾਰੀ ਮਧੂ ਬਾਲਾ ਨੇ ਕਿਹਾ ਕਿ ਉਹ ਸਿਰਫ ਆਪਣੀ ਜਾਂਚ ਕਰ ਰਹੇ ਹਨ, ਜੋ ਕਿ ਅਧੂਰੀ ਹੈ ਜਿਸ ਦੇ ਚਲਦਿਆਂ ਹੀ ਉਹ ਮੁਲਜ਼ਮ ਦੇ ਘਰ ਗਏ ਸਨ। ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਸੀਬੀਆਈ ਜਾਂਚ ਚਾਹੁੰਦੇ ਹਨ ਤਾਂ ਆਪਣੀ ਚਿੱਠੀ ਅੱਗੇ ਪਾ ਸਕਦੇ ਹਨ।
ਜ਼ਿਕਰਯੋਗ ਹੈ ਕਿ ਜਸਵੀਰ ਕੌਰ ਨੂੰ ਵੀ ਬਲਾਤਕਾਰ ਮਾਮਲੇ ਵਿੱਚ ਸਿਮਰਜੀਤ ਬੈਂਸ ਦੇ ਨਾਲ ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਵਿਚੋਂ 2 ਨੂੰ ਜ਼ਮਾਨਤ ਮਿਲ ਚੁੱਕੀ ਹੈ। ਜ਼ਮਾਨਤ ਮਿਲਣ ਵਾਲਿਆਂ ਵਿੱਚ ਸਿਮਰਜੀਤ ਬੈਂਸ ਦਾ ਭਰਾ ਪਰਮਜੀਤ ਪੰਮਾ ਅਤੇ ਪੀਏ ਸ਼ਾਮਿਲ ਹੈ।
ਇਹ ਵੀ ਪੜ੍ਹੋ: ਬਠਿੰਡਾ ਕੇਂਦਰੀ ਜੇਲ੍ਹ ਵਿਚ ਬੰਦ ਲਾਰੈਂਸ, ਪੁਲਿਸ ਨੇ ਵਧਾਈ ਸੁਰੱਖਿਆ