ਲੁਧਿਆਣਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਬੱਚਿਆਂ ਨੂੰ ਸਿੱਖਿਅਤ ਕਰਨ ਦੇ ਲਈ ਚਲਾਏ ਜਾ ਰਹੇ ਪ੍ਰੋਗਰਾਮ 'ਪ੍ਰੀਖਿਆ 'ਤੇ ਚਰਚਾ' ਵਿੱਚ ਲੁਧਿਆਣਾ ਦੇ ਸਰਕਾਰੀ ਸਕੂਲ ਦਾ ਵਿਦਿਆਰਥੀ ਦੀਪਕ ਸ਼ਰਮਾ ਹਿੱਸਾ ਲੈਣ ਜਾ ਰਿਹਾ ਹੈ। ਵਿਦਿਆਰਥੀ ਦੀ ਚੋਣ ਬਾਰ੍ਹਵੀਂ ਜਮਾਤ ਤੋਂ ਬਾਅਦ ਪੜ੍ਹਾਈ ਛੁੱਟ ਜਾਣ ਸਬੰਧੀ ਚੁੱਕੇ ਗਏ ਮੁੱਦੇ ਨੂੰ ਲੈ ਕੇ ਹੋਈ ਹੈ, ਹੁਣ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੂਬਰੂ ਹੋਵੇਗਾ ਅਤੇ ਪ੍ਰੀਖਿਆ ਅਤੇ ਮੁੱਦਿਆਂ ਨੂੰ ਸਬੰਧੀ ਚਰਚਾ ਕਰੇਗਾ।
ਇਸ ਪ੍ਰੋਗਰਾਮ ਦੇ ਵਿੱਚ ਪੂਰੇ ਦੇਸ਼ ਤੋਂ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੀ ਚੋਣ ਹੁੰਦੀ ਹੈ, ਇਸ ਪ੍ਰੋਗਰਾਮ ਵਿਚ ਪਹਿਲੀ ਵਾਰ ਲੁਧਿਆਣਾ ਦੇ ਕਿਸੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਦੀ ਚੋਣ ਹੋਈ ਹੈ। ਦੀਪਕ ਲੁਧਿਆਣਾ ਦੇ ਜਵਾਹਰ ਨਗਰ ਕੈਂਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਵਿਦਿਆਰਥੀ ਹੈ, ਇੱਕ ਪਾਸੇ ਜਿੱਥੇ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਨੂੰ ਲੈ ਕੇ ਦੀਪਕ ਕਾਫੀ ਉਤਸ਼ਾਹਿਤ ਹੈ ਉੱਥੇ ਹੀ ਉਸ ਦੇ ਸਕੂਲ ਵਾਲੇ ਵੀ ਕਾਫੀ ਮਾਣ ਮਹਿਸੂਸ ਕਰ ਰਹੇ ਨੇ।
ਕਿਵੇਂ ਹੋਈ ਚੋਣ: ਦੀਪਕ ਦਾ ਕਹਿਣਾ ਹੈ ਕਿ ਉਸ ਨੂੰ ਪ੍ਰੀਖਿਆ ਉੱਤੇ ਚਰਚਾ ਪ੍ਰੋਗਰਾਮ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ, ਪਰ ਉਸ ਦੀ ਅਧਿਆਪਿਕਾ ਚੈਰੀ ਮਿੱਤਲ ਵੱਲੋਂ ਅਧਿਆਪਕਾਂ ਦੇ ਤੌਰ ਉੱਤੇ ਇਸ ਪ੍ਰੋਗਰਾਮ ਵਿੱਚ ਆਪਣੇ ਵੱਲੋਂ ਹਿੱਸਾ ਲੈ ਕੇ 1500 ਸ਼ਬਦਾਂ ਦਾ ਇਕ ਆਰਟੀਕਲ ਲਿਖਿਆ ਗਿਆ ਅਤੇ ਉਸ ਸਬੰਧੀ ਮਿਲੇ ਸਰਟੀਫਿਕੇਟ ਨੂੰ ਉਸ ਨੇ ਆਪਨੇ ਵਟਸਪ ਸਟੇਟਸ ਉੱਤੇ ਲਗਾਇਆ। ਜਿਸ ਨੂੰ ਵੇਖ ਕੇ ਦੀਪਕ ਨੇ ਆਪਣੀ ਅਧਿਆਪਿਕਾ ਨੂੰ ਸਵਾਲ ਪੁੱਛਿਆ ਅਤੇ ਕਿਹਾ ਕਿ ਉਹ ਵੀ ਇਸ ਦਾ ਹਿੱਸਾ ਬਣਨਾ ਚਾਹੁੰਦਾ ਹੈ ਤਾਂ ਉਸ ਨੇ ਵੀ ਆਪਣੀ ਅਧਿਆਪਕਾ ਤੋਂ ਲਿੰਕ ਲੈ ਕੇ ਉਸ ਉੱਤੇ ਖੁਦ 1500 ਸ਼ਬਦਾਂ ਦਾ ਇਕ ਲੇਖ ਲਿਖਿਆ ਜਿਸ ਸਬੰਧੀ ਦੀਪਕ ਨੂੰ ਸਰਟੀਫਿਕੇਟ ਵੀ ਮਿਲਿਆ ਅਤੇ ਨਾਲ ਹੀ ਪ੍ਰੀਖਿਆ ਉੱਤੇ ਚਰਚਾ ਦੇ ਵਿੱਚ ਉਸ ਨੂੰ ਹਿੱਸਾ ਲੈਣ ਦਾ ਮੌਕਾ ਵੀ ਮਿਲਿਆ। 24 ਜਨਵਰੀ ਨੂੰ ਉਹ ਹੁਣ ਇਸ ਪ੍ਰੋਗਰਾਮ ਦਾ ਹਿੱਸਾ ਬਣੇਗਾ।
ਕਿਹੜੇ ਮੁੱਦੇ 'ਤੇ ਲਿਖਿਆ ਲੇਖ: ਦੀਪਕ ਨੇ 10 ਅਕਤੂਬਰ ਨੂੰ ਇਹ ਆਰਟੀਕਲ ਲਿਖਿਆ ਸੀ ਉਸ ਨੇ ਇਸ ਵਿੱਚ ਦੇਸ਼ ਦੇ ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥੀਆਂ ਦਾ ਮੁੱਦਾ ਚੁੱਕਿਆ ਸੀ ਅਤੇ ਕਿਹਾ ਸੀ ਕਿ ਜ਼ਿਆਦਾਤਰ ਵਿਦਿਆਰਥੀ ਬਾਰ੍ਹਵੀਂ ਜਮਾਤ ਤੋਂ ਬਾਅਦ ਪੜ੍ਹਾਈ ਕਰਨੀ ਬੰਦ ਕਰ ਦਿੰਦੇ ਨੇ। ਉਨ੍ਹਾਂ ਲਿਖਿਆ ਕੇ ਬਾਰਵੀਂ ਜਮਾਤ ਕਰਨ ਤੋਂ ਬਾਅਦ ਕਈ ਵਿਦਿਆਰਥੀ ਅੱਗੇ ਨਹੀਂ ਪੜ੍ਹ ਪਾਉਂਦੇ ਅਤੇ ਕਈ ਨੌਕਰੀਆਂ ਕਰਨ ਲੱਗ ਜਾਂਦੇ ਨੇ ਕਈ ਬਾਰਵੀਂ ਜਮਾਤ ਤੋਂ ਬਾਅਦ ਬਾਹਰ ਚਲੇ ਜਾਂਦੇ ਨੇ ਉਹਨਾਂ ਆਪਣੇ ਭਰਾ ਦੀ ਵੀ ਉਦਾਹਰਣ ਦਿੰਦਿਆ ਕਿਹਾ ਕਿ ਉਸ ਦੇ ਭਰਾ ਨੇ ਜਦੋਂ 12ਵੀ ਕੀਤੀ ਸੀ ਤਾਂ ਅੱਗੇ ਦੀ ਪੜ੍ਹਾਈ ਕਰਨ ਲਈ ਉਸ ਨੇ ਕਾਲਜ ਵਿੱਚ ਦਾਖਲਾ ਲੈ ਲਿਆ ਪਰ ਘਰ ਦੇ ਵਿੱਚ ਪੈਸੇ ਨਾ ਹੋਣ ਕਰਕੇ ਉਸ ਨੂੰ ਆਪਣੀ ਪੜ੍ਹਾਈ ਵਿਚਾਲੇ ਹੀ ਛੱਡਣੀ ਪਈ। ਇੱਥੋਂ ਤੱਕ ਕਿ ਬਾਅਦ ਵਿਚ ਉਸ ਦੀ ਮੌਤ ਹੋ ਗਈ ਅਤੇ ਉਸ ਦੀ ਪੜ੍ਹਾਈ ਦਾ ਸਪਨਾ ਵਿਚਕਾਰ ਹੀ ਰਹਿ ਗਿਆ।
ਆਰਥਿਕ ਹਾਲਤ ਬੁਰੀ: ਦੀਪਕ ਨੇ ਅਪਣੇ ਲੇਖ ਵਿੱਚ ਸੁਝਾਅ ਦਿੱਤਾ ਕਿ ਬਾਰਵੀਂ ਜਮਾਤ ਤੋਂ ਬਾਅਦ ਵਿਦਿਆਰਥੀਆਂ ਲਈ ਸਕਾਲਰਸ਼ਿਪ ਵੀ ਵਧਾਉਣੀ ਚਾਹੀਦੀ ਹੈ ਤਾਂ ਕੀ ਉਹ ਪ੍ਰੋਫੈਸ਼ਨਲ ਕੋਰਸ ਵੀ ਕਰ ਸਕਣ ਅਤੇ ਅੱਗੇ ਜਾ ਕੇ ਆਪਣੇ ਪੈਰਾਂ ਉੱਤੇ ਖੜ੍ਹੇ ਹੋ ਸਕਣ, ਉਨ੍ਹਾਂ ਲੇਖ ਵਿਚ ਲਿਖਿਆ ਕਿ ਜਿਹੜੇ ਬੱਚੇ ਕਾਬਲ ਹਨ ਉਹਨਾਂ ਨੂੰ ਵੀ ਪੜ੍ਹਾਈ ਲਈ ਖ਼ਰਚਾ ਸਰਕਾਰਾਂ ਨੂੰ ਦੇਣਾ ਚਾਹੀਦਾ ਹੈ। ਆਰਥਿਕ ਪੱਖੋਂ ਕਮਜ਼ੋਰ ਦੀਪਕ ਖੁਦ ਬਾਰਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਉਹ ਨਾਨ ਮੈਡੀਕਲ ਦੀ ਪੜ੍ਹਾਈ ਕਰਦਾ ਹੈ, ਉਹ ਆਰਥਿਕ ਪੱਖੋਂ ਬੇਹੱਦ ਕਮਜ਼ੋਰ ਪਰਿਵਾਰਕ ਸਬੰਧ ਰੱਖਦਾ ਹੈ।
ਉਸ ਨੇ ਦੱਸਿਆ ਕਿ ਉਸ ਦੇ ਪਿਤਾ ਹੀਰੋ ਸਾਈਕਲ ਦੇ ਵਿੱਚ ਕੰਮ ਕਰਦੇ ਸਨ ਅਤੇ ਉਹਨਾਂ ਨੂੰ ਕਿਸੇ ਕਾਰਨਾਂ ਕਰ ਕੇ ਬਾਹਰ ਕੱਢ ਦਿੱਤਾ ਗਿਆ। ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚੱਲਣਾ ਵੀ ਔਖਾ ਹੈ ਉਸ ਦੇ ਦੋ ਭਰਾ ਅਤੇ ਤਿੰਨ ਭੈਣਾਂ ਹਨ। ਉਨ੍ਹਾਂ ਦੱਸਿਆ ਕਿ ਉਸ ਦੇ ਪਿਤਾ ਹੁਣ ਕੁਝ ਕੰਮ ਨਹੀਂ ਕਰ ਪਾਉਂਦੇ ਪਰ ਉਹਨਾਂ ਨੇ ਜੋ ਘਰ ਬਣਾਇਆ ਸੀ ਉਸ ਦੇ ਦੋ ਕਮਰੇ ਕਿਰਾਏ ਉੱਤੇ ਦੇ ਕੇ ਉਸ ਤੋਂ ਵੀ ਉਹ ਆਪਣੇ ਪਰਿਵਾਰ ਦਾ ਖਰਚਾ ਚਲਾਉਦੇ ਹਨ। ਹੁਣ ਜਿਸ ਕਰਕੇ ਉਸ ਨੂੰ ਡਰ ਲੱਗ ਰਿਹਾ ਹੈ ਕਿ ਬਾਰਵੀਂ ਜਮਾਤ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਉਹ ਆਪਣੇ ਸੁਪਨੇ ਪੂਰੇ ਨਹੀਂ ਕਰ ਪਾਵੇਗਾ ਕਿਉਂਕਿ ਉਸ ਦੇ ਪਰਿਵਾਰ ਕੋਲ ਪੈਸੇ ਨਹੀਂ ਹਨ।
ਇਹ ਵੀ ਪੜ੍ਹੋ: Mayor Election in Chandigarh: ਚੰਡੀਗੜ੍ਹ ਮੇਅਰ ਦੀ ਚੋਣ ਨੂੰ ਲੈਕੇ ਹੰਗਾਮਾ, ਵੋਟਿੰਗ ਪ੍ਰਕਿਰਿਆ ਸ਼ੁਰੂ
ਅਧਿਆਪਕਾਂ ਨੂੰ ਮਾਣ: ਦੀਪਕ ਦੀ ਅਧਿਆਪਕਾ ਚੈਰੀ ਮਿੱਤਲ ਨੇ ਦੱਸਿਆ ਕਿ ਅਸੀਂ ਹਮੇਸ਼ਾ ਇਹ ਕੋਸ਼ਿਸ਼ ਕਰਦੇ ਹਾਂ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦੇ ਸਮਾਜ ਪ੍ਰਤੀ ਫਰਜ਼ ਸਬੰਧੀ ਵੀ ਉਨ੍ਹਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਉਹ ਇਕ ਬਿਹਤਰ ਸਮਾਜ ਦੀ ਸਿਰਜਣਾ ਕਰ ਸਕਣ, ਅਧਿਆਪਕਾਂ ਨੇ ਦੱਸਿਆ ਕਿ ਪੂਰਾ ਸਕੂਲ ਉਸ ਉੱਤੇ ਮਾਣ ਮਹਿਸੂਸ ਕਰ ਰਿਹਾ ਹੈ ਕਿਉਂਕਿ ਉਸ ਨੇ ਜੋ ਕਰ ਕੇ ਵਿਖਾਇਆ ਹੈ ਉਹ ਲੁਧਿਆਣਾ ਦੀ ਕਿਸੇ ਨਿੱਜੀ ਸਕੂਲ ਦਾ ਵਿਦਿਆਰਥੀ ਵੀ ਹਾਲੇ ਤਕ ਨਹੀਂ ਕਰ ਸਕਿਆ ਹੈ। ਇਸ ਕਰਕੇ ਉਨ੍ਹਾਂ ਨੂੰ ਕਾਫੀ ਖੁਸ਼ੀ ਹੈ ਕਿ ਉਹਨਾਂ ਦੇ ਸਕੂਲ ਦੇ ਵਿੱਚ ਦੀਪਕ ਦੀ ਚੋਣ ਹੋਈ ਹੈ ਜੋ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਕਰੇਗਾ ਦੀਪਕ ਦੇ ਲਈ ਹੋਰ ਵੀ ਸਵਾਲ ਤਿਆਰ ਕੀਤੇ ਜਾ ਰਹੇ ਹਨ।