ਲੁਧਿਆਣਾ: ਅੱਜ ਪੰਜਾਬ ਭਰ ਦੇ ਵਿੱਚ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਸਹੂਲਤਾਂ ਨੂੰ ਵੇਖਦਿਆਂ ਹੋਇਆਂ 80 ਮੁਹੱਲਾ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ। ਲੁਧਿਆਣਾ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਅਤੇ ਦਿੱਲੀ ਦੇ ਮੁੱਖ ਮੰਤਰੀ ਨਗਰ ਨਿਗਮ ਦੇ ਨੇੜੇ ਪਾਰਕ ਦੇ ਵਿੱਚ ਬਣੇ ਮੁਹਲਾ ਕਲੀਨੀਕ ਨੂੰ ਲੋਕਾਂ ਦੇ ਸਪੁਰਦ ਕਰਨਗੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖੁਦ ਮੁਹੱਲਾ ਕਲੀਨਿਕ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ ਉੱਤੇ ਪਹੁੰਚ ਰਹੇ ਨੇ।
ਮੁਹੱਲਾ ਕਲੀਨਿਕਾਂ ਦੀ ਗਿਣਤੀ 584 ਹੋ ਜਾਵੇਗੀ: ਇਸ ਤੋਂ ਪਹਿਲਾਂ ਤਿਆਰੀਆਂ ਦਾ ਜਾਇਜ਼ਾ ਲੈਣ ਪਹੁੰਚੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਪੰਜਾਬ ਭਰ ਵਿੱਚ 80 ਮੁਹੱਲਾ ਕਲੀਨਿਕ ਖੋਲ੍ਹਣ ਤੋਂ ਬਾਅਦ ਮੁਹੱਲਾ ਕਲੀਨਿਕਾਂ ਦੀ ਗਿਣਤੀ 584 ਹੋ ਜਾਵੇਗੀ। ਪਹਿਲੇ ਪੜਾਅ ਦੇ ਵਿੱਚ 100 ਮੁਹੱਲਾ ਕਲੀਨੀਕ ਜਦੋਂ ਕਿ ਦੂਜੇ ਪੜਾਅ ਦੇ ਵਿੱਚ 404 ਮੁਹਲਾ ਕਲੀਨਿਕ ਖੋਲ੍ਹੇ ਗਏ ਹਨ। ਨਵੇਂ ਖੁੱਲ੍ਹਣ ਜਾ ਰਹੇ ਕਲੀਨਿਕਾਂ ਦੇ ਵਿੱਚ ਸਭ ਤੋਂ ਜ਼ਿਆਦਾ ਅੰਮ੍ਰਿਤਸਰ ਦੇ ਵਿੱਚ 17 ਜਦੋਂ ਕਿ ਲੁਧਿਆਣਾ ਦੇ ਵਿੱਚ 8 ਮੁਹੱਲਾ ਕਲੀਨੀਕ ਅੱਜ ਖੋਲ੍ਹੇ ਜਾ ਰਹੇ ਹਨ।
ਇੱਕ-ਇੱਕ ਗਰੰਟੀ ਪੂਰੀ ਕੀਤੀ ਜਾਵੇਗੀ: ਸਿਹਤ ਮੰਤਰੀ ਨੇ ਕਿਹਾ ਹੈ ਕਿ ਅਸੀਂ ਲੋਕਾਂ ਦੀ ਸੁਵਿਧਾਵਾਂ ਲਈ ਇਹ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਜੋ ਉਨ੍ਹਾਂ ਦੀਆਂ ਇਮਾਰਤਾਂ ਵਰਤਣ ਦੇ ਇਲਜ਼ਾਮ ਲਗਾ ਰਹੇ ਹਨ। ਉਹਨਾਂ ਨੂੰ ਆਪਣੀ ਸਰਕਾਰ ਵੇਲੇ ਕੀਤੇ ਗਏ ਕੰਮਾਂ ਬਾਰੇ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਵੱਲੋਂ 5 ਹਸਪਤਾਲ਼ ਤੱਕ ਨਹੀਂ ਖੋਲ੍ਹੇ ਗਏ, ਉਹ ਬਸ ਵਿਰੋਧ ਕਰਨਾ ਹੀ ਜਾਣਦੇ ਹਨ। ਸਿਹਤ ਮੰਤਰੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਸਾਫ ਕਿਹਾ ਸੀ ਕਿ ਸਾਡੇ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੀ ਹੋਈ ਇੱਕ-ਇੱਕ ਗਰੰਟੀ ਪੂਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀਆਂ ਸਿਹਤ ਸੁਵਿਧਾਵਾਂ ਮਿਲਣਗੀਆਂ ਕਿਉਂਕਿ ਛੋਟੀ-ਮੋਟੀ ਬਿਮਾਰੀਆਂ ਦਾ ਇਲਾਜ ਮੁਹੱਲਾ ਕਲੀਨੀਕ ਦੇ ਵਿੱਚ ਹੀ ਹੋ ਜਾਂਦਾ ਹੈ। ਇਸ ਨਾਲ ਵੱਡੇ ਹਸਪਤਾਲਾਂ ਵਿੱਚ ਵੀ ਲੋਕਾਂ ਨੂੰ ਜਾਣ ਦੀ ਲੋੜ ਨਹੀਂ ਪਵੇਗੀ।
ਆਮ ਆਦਮੀ ਕਲੀਨਿਕ ਮੁੱਖ ਮੰਤਰੀ ਦਾ ਡ੍ਰੀਮ ਪ੍ਰੋਜੈਕਟ: ਬੀਤੇ ਦਿਨ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਸੀ ਕਿ ਸੂਬੇ ਵਿੱਚ ਤਕਰੀਬਨ 580 ਆਮ ਆਦਮੀ ਕਲੀਨਿਕ ਲੋਕਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਕਾਰਜਸ਼ੀਲ ਹੋ ਜਾਣਗੇ। ਜ਼ਿਕਰਯੋਗ ਹੈ ਕਿ ਪਹਿਲੇ ਪੜਾਅ ਵਿੱਚ 100 ਕਲੀਨਿਕ ਸਮਰਪਿਤ ਕੀਤੇ ਗਏ ਸਨ ਅਤੇ ਦੂਜੇ ਪੜਾਅ ਵਿੱਚ 404 ਅਤੇ ਹੁਣ 80 ਕਲੀਨਿਕ ਸੂਬੇ ਦੀ ਸੇਵਾ ਵਿੱਚ ਸਮਰਪਿਤ ਕੀਤੇ ਜਾਣਗੇ। ਆਮ ਆਦਮੀ ਕਲੀਨਿਕ ਮੁੱਖ ਮੰਤਰੀ ਦਾ ਡ੍ਰੀਮ ਪ੍ਰੋਜੈਕਟ ਹੈ, ਜੋ ਕਿ ਲੋਕਾਂ ਦੀ ਭਲਾਈ ਦੇ ਉਦੇਸ਼ ਨਾਲ ਉਨ੍ਹਾਂ ਦੀ ਸਭ ਤੋਂ ਪ੍ਰਮੁੱਖ ਤਰਜੀਹ ਹੈ ਅਤੇ ਇਹ ਕਲੀਨਿਕ ਪਹਿਲਾਂ ਹੀ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਕਾਰਗਰ ਸਿੱਧ ਹੋ ਰਹੇ ਹਨ।
ਇਹ ਵੀ ਪੜ੍ਹੋ: ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਜਨਮ ਦਿਹਾੜੇ ਮੌਕੇ ਬੋਲੇ ਮੁੱਖ ਮੰਤਰੀ, "ਇਹ ਓਹ ਸਰਦਾਰ ਸੀ, ਜਿਨ੍ਹਾਂ ਨੇ ਦਿੱਲੀ ਜਿੱਤ ਕੇ ਛੱਡੀ"