ਸਮਰਾਲਾ: ਰਾੜਾ ਸਾਹਿਬ ਤੋਂ ਰੋਪੜ ਜਾ ਰਹੀ ਬਰਾਤ 'ਚ ਸ਼ਾਮਲ ਇਨੋਵਾ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਸ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਅਤੇ 5 ਵਿਅਕਤੀ ਗੰਭੀਰ ਜ਼ਖਮੀ ਹੋਏ ਹਨ।
ਜਾਣਕਾਰੀ ਅਨੁਸਾਰ ਰੋਪੜ-ਲੁਧਿਆਣਾ ਨਹਿਰ ਦੇ ਕਿਨਾਰੇ ਵਾਲੀ ਸੜਕ ਰਾਹੀਂ ਬਰਾਤ 'ਚ ਜਾ ਰਹੀ ਇੱਕ ਇਨੋਵਾ ਕਾਰ ਦੀ ਟਿੱਪਰ ਨਾਲ ਟੱਕਰ ਹੋ ਗਈ। ਹਾਦਸਾ ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਪਿੰਡ ਜਲਾਹ ਮਾਜਰਾ ਨੇੜੇ ਹੋਇਆ। ਇਸ ਹਾਦਸੇ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਗੰਭੀਰ ਜ਼ਖਮੀ ਹਨ। ਜਿਨ੍ਹਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।
ਦਰਅਸਲ ਦੀਪ ਪਾਇਪ ਬੈਂਡ ਦੀ ਟੀਮ ਪਿੰਡ ਰਾੜਾ ਸਾਹਿਬ ਤੋਂ ਇਨੋਵਾ ਕਾਰ 'ਚ ਸਵਾਰ ਹੋ ਕੇ ਰੋਪੜ ਵਿਆਹ 'ਚ ਜਾ ਰਹੇ ਸੀ। ਕਰੀਬ 15 ਕਿਲੋਮੀਟਰ ਦਾ ਸਫਰ ਤੈਅ ਕਰਨ ਮਗਰੋਂ ਹੀ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਮ੍ਰਿਤਕਾਂ ਦੀ ਪਛਾਣ 40 ਸਾਲਾ ਜਸਵੀਰ ਸਿੰਘ ਅਤੇ 30 ਸਾਲਾ ਜਗਪ੍ਰੀਤ ਸਿੰਘ ਵਜੋਂ ਹੋਈ ਹੈ। ਉਧਰ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।