ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਵਿੱਚ ਪੁਲਿਸ ਨੇ ਵੀਰਵਾਰ ਦੇਰ ਸ਼ਾਮ ਨਕਲੀ ਨੋਟ ਬਣਾਉਣ ਅਤੇ ਸਪਲਾਈ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਜਦਕਿ ਇੱਕ ਮੁਲਜ਼ਮ ਦੀ ਗ੍ਰਿਫਤਾਰੀ ਬਾਕੀ ਹੈ। ਮੁਲਜ਼ਮਾਂ ਕੋਲੋ ਨਕਲੀ ਨੋਟ ਅਤੇ ਹੋਰ ਨੋਟ ਛਾਪਣ ਦਾ ਸਮਾਨ ਪ੍ਰਿੰਟਰ ਆਦਿ ਬਰਾਮਦ ਕੀਤਾ ਗਿਆ ਹੈ। ਤੀਜੇ ਮੁਲਜ਼ਮ ਦੀ ਭਾਲ ਵਿੱਚ ਪੁਲਿਸ ਨੇ ਦੇਰ ਰਾਤ ਤੱਕ ਮੋਗਾ ਵਿੱਚ ਛਾਪੇਮਾਰੀ ਕੀਤੀ ਪਰ ਬਦਮਾਸ਼ ਭੱਜ ਗਿਆ।
ਇੰਟਰਨੈੱਟ ਤੋਂ ਸਿੱਖੇ ਨਕਲੀ ਨੋਟ ਬਣਾਉਣੇ: ਫੜੇ ਗਏ ਮੁਲਜ਼ਮਾਂ ਨੇ ਕਈ ਖੁਲਾਸੇ ਕੀਤੇ ਹਨ, ਮੁਲਜ਼ਮਾਂ ਨੇ ਇੰਟਰਨੈੱਟ ਤੋਂ ਨਕਲੀ ਨੋਟ ਬਣਾਉਣੇ ਸਿੱਖੇ ਹਨ। ਮੁਲਜ਼ਮ ਸੋਹਨ ਡਰਾਈਵਰੀ ਦੇ ਨਾਲ-ਨਾਲ ਪ੍ਰਾਪਰਟੀ ਡੀਲਰ ਦਾ ਕੰਮ ਵੀ ਕਰਦਾ ਹੈ ਅਤੇ ਮੁਲਜ਼ਮ ਮਨਦੀਪ ਫੋਟੋਗ੍ਰਾਫਰ ਹੈ। ਮਨਦੀਪ ਨੇ ਲੁਧਿਆਣਾ ਤੋਂ ਹੀ ਫੋਟੋਗ੍ਰਾਫੀ ਅਤੇ ਐਡੀਟਿੰਗ ਸਿੱਖੀ ਹੈ। ਅਕਸਰ ਉਹ ਯੂ-ਟਿਊਬ 'ਤੇ ਨਕਲੀ ਨੋਟ ਛਾਪਣ ਸਬੰਧੀ ਵੀਡੀਓ ਨੂੰ ਦੇਖਦਾ ਹੈ ਅਤੇ ਰਿਸਰਚ ਕਰਦਾ ਹੈ। ਕਰੀਬ 40 ਦਿਨਾਂ ਦੇ ਲਗਾਤਾਰ ਅਭਿਆਸ ਤੋਂ ਬਾਅਦ ਉਸ ਨੇ ਜਾਅਲੀ ਨੋਟ ਬਣਾਉਣ ਦਾ ਤਰੀਕਾ ਸਿੱਖਿਆ। ਮਨਦੀਪ ਨਕਲੀ ਨੋਟ ਬਣਾਉਣ ਲਈ ਦੋ ਤਰ੍ਹਾਂ ਦੇ ਕਾਗਜ਼ਾਂ ਦੀ ਵਰਤੋਂ ਕਰਦਾ ਸੀ। ਪੁਲਿਸ ਅਫਸਰ ਨੇ ਕਿਹਾ ਕਿ ਮੁਲਜ਼ਮਾਂ ਨੇ ਪਹਿਲਾਂ ਚਿੱਟੇ ਕਾਗਜ਼ ਤੋਂ ਨੋਟ ਬਣਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਨੋਟ ਠੀਕ ਤਰ੍ਹਾਂ ਨਿਕਲਣ ਲੱਗੇ ਤਾਂ ਰੰਗਦਾਰ ਕਾਗਜ਼ 'ਤੇ ਛਾਪਣ ਲੱਗੇ। ਪੁਲਿਸ ਉਸ ਥਾਂ ’ਤੇ ਵੀ ਛਾਪੇਮਾਰੀ ਕਰੇਗੀ ਜਿੱਥੋਂ ਮੁਲਜ਼ਮ ਨੋਟ ਬਣਾਉਣ ਲਈ ਕਾਗਜ਼ ਖਰੀਦਦੇ ਸਨ।
5 ਲੱਖ ਤੋਂ ਜ਼ਿਆਦਾ ਦੀ ਫਰਜ਼ੀ ਕਰੰਸੀ ਬਰਾਮਦ: ਮੁਲਜ਼ਮਾਂ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਨੋਟਾਂ ਦੀ ਵਰਤੋਂ ਬੱਸਾਂ ਆਦਿ ਵਿੱਚ ਕੀਤੀ ਹੈ। ਫਿਲਹਾਲ ਮੁਲਜ਼ਮ ਇਸ ਗੈਰ ਕਾਨੂੰਨੀ ਧੰਦੇ ਦੀ ਸ਼ੁਰੂਆਤ ਹੀ ਕਰ ਰਹੇ ਸਨ ਪਰ ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ। ਇੱਕ ਮੁਲਜ਼ਮ ਬਖਤੌਰ ਸਿੰਘ ਅਜੇ ਫੜਿਆ ਨਹੀਂ ਗਿਆ ਹੈ। ਮੁਲਜ਼ਮਾਂ ਨੇ 3 ਮਹੀਨੇ ਪਹਿਲਾਂ ਹੀ ਨੋਟ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ। ਪਿੰਡ ਲੋਹਾਰਾ ਮੋਗਾ ਦਾ ਰਹਿਣ ਵਾਲਾ ਬਖਤੌਰ ਸਿੰਘ ਅਜੇ ਫਰਾਰ ਹੈ, ਉਸ ਕੋਲ ਪ੍ਰਿੰਟਰ ਅਤੇ ਹੋਰ ਸਾਮਾਨ ਹੈ।
ਮੁਲਜ਼ਮ ਮਨਦੀਪ ਨੇ ਇੰਟਰਨੈੱਟ ਤੋਂ ਨੋਟ ਦੀ ਨੰਬਰ ਸੀਰੀਜ ਨੂੰ ਕਿਵੇਂ ਬਦਲਣਾ ਹੈ ਅਤੇ ਧਾਗਾ ਕਿਵੇਂ ਬਣਾਉਣਾ ਹੈ, ਇਸ ਬਾਰੇ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ ਕੁੱਲ 5.10 ਲੱਖ ਰੁਪਏ ਬਰਾਮਦ ਕੀਤੇ ਗਏ ਹਨ। 200 ਰੁਪਏ ਦੇ 16 ਬੰਡਲ ਅਤੇ 100 ਰੁਪਏ ਦੇ 19 ਨਕਲੀ ਬੰਡਲ ਮਿਲੇ ਹਨ। ਮਨਦੀਪ ਨੇ ਦੱਸਿਆ ਕਿ ਉਹ 100 ਅਤੇ 200 ਰੁਪਏ ਦੇ ਨੋਟ ਛਾਪਦਾ ਸੀ ਤਾਂ ਜੋ ਛੋਟੇ ਨੋਟ ਆਸਾਨੀ ਨਾਲ ਬਜ਼ਾਰ ਵਿੱਚ ਘੁੰਮ ਸਕਣ।