ਲੁਧਿਆਣਾ: ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵੋਟਿੰਗ ਪ੍ਰਕਿਰਿਆ ਲਗਾਤਾਰ ਜਾਰੀ ਹੈ, ਜਿੱਥੇ ਲੋਕ ਵੱਧ ਚੜ੍ਹ ਕਿ ਵੋਟਿੰਗ ਕਰ ਰਹੇ ਹਨ। ਉੱਥੇ ਹੀ, ਸਾਡੀ ਟੀਮ ਵੱਲੋਂ ਵਿਸ਼ੇਸ਼ ਤੌਰ 'ਤੇ ਵੋਟ ਪਾਉਣ ਆਏ 102 ਸਾਲਾਂ ਦੇ ਬਜ਼ੁਰਗ ਦੇ ਨਾਲ ਗੱਲਬਾਤ ਕੀਤੀ ਗਈ। ਹਾਲਾਂਕਿ ਬਜ਼ੁਰਗ ਨੂੰ ਉੱਚਾ ਸੁਣਦਾ ਸੀ, ਪਰ ਉਜਾਗਰ ਸਿੰਘ ਦੇ ਨਾਲ ਲਏ ਉਨ੍ਹਾਂ ਦੇ ਬੇਟੇ ਨੇ ਕਿਹਾ ਕਿ ਉਹ ਕਈ ਸਾਲਾਂ ਤੋਂ ਲਗਾਤਾਰ ਵੋਟ ਪਾਉਂਦੇ ਆ ਰਹੇ ਹਨ।
ਅੱਜ ਵੀ ਉਨ੍ਹਾਂ ਨੂੰ ਵੋਟ ਪਾਉਣ ਲਈ ਵਿਸ਼ੇਸ਼ ਤੌਰ 'ਤੇ ਉਹ ਲੈ ਕੇ ਆਏ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਆਪਣੇ ਵੋਟ ਹੱਕ ਦੀ ਵਰਤੋਂ ਕਰਨ। ਜਗਰਾਉਂ ਦੇ ਵਾਰਡ ਨੰਬਰ 18 ਵਿੱਚ 102 ਸਾਲ ਦੇ ਬਜ਼ੁਰਗ ਨੇ ਵੋਟ ਹੱਕ ਦੀ ਵਰਤੋਂ ਕਰਦਿਆਂ ਆਪਣੀ ਵੋਟ ਭੁਗਤਾਈ। ਬਜ਼ੁਰਗ ਨੇ ਦੱਸਿਆ ਕਿ ਉਨ੍ਹਾਂ ਦੀ ਉਮਰ 102 ਸਾਲ ਦੀ ਹੈ ਅਤੇ ਖ਼ੁਦ ਚੱਲ ਕੇ ਉਹ ਆਪ ਵੋਟ ਪਾਉਣ ਆਏ ਹਨ।
ਨਿਗਮ ਚੋਣਾਂ 2021 ਅੱਜ
ਚੰਡੀਗੜ੍ਹ: ਅੱਜ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੰਜਾਬ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਵੋਟਾਂ ਪੈਣਗੀਆਂ। 17 ਫ਼ਰਵਰੀ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਉਸੇ ਦਿਨ ਨਤੀਜੇ ਵੀ ਐਲਾਨੇ ਜਾਣਗੇ। ਇਸ ਚੋਣ ਵਿੱਚ ਮਹਿਲਾਵਾਂ ਨੂੰ 50% ਰਾਖਵਾਂਕਰਨ ਦਿੱਤਾ ਗਿਆ ਹੈ।
ਨਗਰ ਨਿਗਮ ਚੋਣ ਲਈ 20,510 ਚੋਣ ਅਮਲਾ ਅਤੇ 19 ਹਜ਼ਾਰ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਹਨ। ਨਗਰ ਨਿਗਮ ਚੋਣ ਲਈ ਕੁੱਲ 2302 ਵਾਰਡ ਲਈ 9,222 ਉਮੀਦਵਾਰ ਚੋਣ ਮੈਦਾਨ ਵਿੱਚ ਉਤਰੇ ਹਨ। ਇਨ੍ਹਾਂ ਚੋਣਾਂ ਦੌਰਾਨ ਕਾਂਗਰਸ ਨੇ 2037, ਅਕਾਲੀ ਦਲ ਨੇ 1569, ਭਾਜਪਾ ਨੇ 1003, ਆਪ ਨੇ 1006 ਅਤੇ ਬਹੁਜਨ ਸਮਾਜ ਪਾਰਟੀ ਨੇ 106 ਉਮੀਦਵਾਰਾਂ ਸਮੇਤ ਹੋਰਨਾ ਪਾਰਟੀਆਂ ਨੇ ਵੀ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ। ਇਸ ਦੇ ਨਾਲ ਹੀ 2832 ਆਜ਼ਾਦ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ 1997 ਤੋਂ ਬਾਅਦ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਸਿਆਸੀ ਗਠਜੋੜ ਟੁੱਟਣ ਤੋਂ ਬਾਅਦ ਉਮੀਦਵਾਰਾਂ ਨੂੰ ਇੱਕ ਦੂਜੇ ਵਿਰੁੱਧ ਮੈਦਾਨ ਵਿੱਚ ਉਤਾਰਿਆ ਹੈ।