ਕਪੂਰਥਲਾ : ਪੰਜਾਬ ਵਿੱਚ ਆਏ ਦਿਨ ਕੁੱਟਮਾਰ ਤੇ ਕਤਲ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਮਾਮੂਲੀ ਜਿਹੀ ਗੱਲ ਪਿੱਛੇ ਨੌਜਵਨਾਂ ਵੱਲੋਂ ਗੋਲੀਬਾਰੀ ਤੇ ਹਥਿਆਰ ਚਲਾ ਦਿੱਤੇ ਜਾਂਦੇ ਹਨ। ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਸਹਾਮਣੇ ਆਇਆ ਹੈ ਕਪੂਰਥਲਾ ਤੋਂ, ਜਿਥੇ ਦੋ ਧਿਰਾਂ ਵਿੱਚਕਾਰ ਜ਼ਮੀਨ ਦੀ ਵੱਟ ਨੂੰ ਲੈ ਕੇ ਝਗੜਾ ਹੋ ਗਿਆ। ਇਹ ਝਗੜਾ ਦੇਖਦੇ ਹੀ ਦੇਖਦੇ ਝੜਪ ਵਿੱਚ ਬਦਲ ਗਿਆ। ਇਸ ਸਬੰਧੀ ਇਕ ਵੀਡੀਓ ਵੀ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ।
ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਮੋਟਰਸਾਈਕਲ ਤੇ ਟਰੈਕਟਰ ਵੀ ਭੰਨ੍ਹਿਆ : ਜਾਣਕਾਰੀ ਅਨੁਸਾਰ ਸੁਲਤਾਨਪੁਰ ਲੋਧੀ ਹਲਕੇ ਦੇ ਪਿੰਡ ਕਿੱਲੀ ਸੁਚੇਤਗੜ੍ਹ ਵਿਖੇ ਵੱਟ ਨੂੰ ਲੈ ਕੇ ਦੋ ਧੜਿਆਂ ਵਿੱਚ ਹਿੰਸਕ ਝੜਪ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਮਾਮਲੇ ਸਬੰਧੀ ਸਿਵਲ ਹਸਪਤਾਲ ਵਿੱਚ ਦਾਖਲ ਸੁਖਮਿੰਦਰ ਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੇ ਖੇਤ ਦੀ ਵੱਟ ਬੰਨ੍ਹ ਰਿਹਾ ਸੀ, ਤਾਂ ਰੇਸ਼ਮ ਸਿੰਘ ਨੇ ਆ ਕੇ ਉਸ ਨਾਲ ਗਾਲੀ-ਗਲੌਚ ਕੀਤਾ ਅਤੇ ਬਾਅਦ ਵਿੱਚ ਵੱਡੀ ਗਿਣਤੀ ਵਿੱਚ ਇਹਨਾਂ ਨੇ ਨੌਜਵਾਨ ਨੂੰ ਬੁਲਾ ਲਏ, ਜੋ ਕਿ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਆਏ ਸਨ। ਉਨ੍ਹਾਂ ਨੇ ਆਉਂਦਿਆਂ ਸਾਡੇ ਉਤੇ ਜਾਨਲੇਵਾ ਹਮਲਾ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਾਡੇ ਮੋਟਰ ਸਾਇਕਲਾ ਅਤੇ ਟਰੈਕਟਰ ਨਾਲ ਵੀ ਭੰਨ੍ਹ-ਤੋੜ ਕੀਤੀ ਹੈ, ਜਿਸ ਦੌਰਾਨ ਮੈਨੂੰ ਗੰਭੀਰ ਸੱਟਾਂ ਲੱਗੀਆਂ ਹਨ। ਮੈਨੂੰ ਤੇ ਮੇਰੇ ਪਰਿਵਾਰ ਵੱਲੋਂ ਸਿਵਲ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ।
ਦੂਜੀ ਧਿਰ ਦਾ ਪੱਖ : ਓਧਰ ਦੂਜੇ ਪਾਸੇ ਲਖਵਿੰਦਰ ਸਿੰਘ ਨੇ ਕਿਹਾ ਕਿ ਮੇਰੇ ਤਾਇਆ ਜੀ ਇਕੱਲੇ ਰਹਿੰਦੇ ਹਨ। ਸੁਖਮਿੰਦਰ ਸਿੰਘ ਤੇ ਉਸ ਦਾ ਭਰਾ, ਦੋਵੇਂ ਭਰਾ ਜਾਣ ਬੁੱਝ ਕੇ ਸਾਡੀ ਵੱਟ ਉਤੇ ਮਿੱਟੀ ਪਾ ਰਹੇ ਸਨ। ਜਦੋਂ ਅਸੀਂ ਰੋਕਿਆ ਤਾਂ ਉਹਨਾਂ ਨੇ ਸਾਡੇ ਉਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਸਰਕਾਰੀ ਜ਼ਮੀਨ ਹੈ ਅਤੇ ਸਾਡੇ ਕੋਲੋਂ ਮਾਲਕੀ ਜ਼ਮੀਨ ਹੈ। ਉਨ੍ਹਾਂ ਨੇ ਸੁਖਮਿੰਦਰ ਸਿੰਘ ਵੱਲੋਂ ਲਗਾਏ ਗਏ ਦੋਸ਼ ਝੂਠੇ ਤੇ ਬੇਬੁਨਿਆਦ ਦੱਸਿਆ ਅਤੇ ਉਨ੍ਹਾਂ ਨੂੰ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।
ਉਥੇ ਹੀ ਲੜਾਈ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਵੀ ਖੂਬ ਵਾਇਰਲ ਹੋ ਰਹੀ ਹੈ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿੱਚ ਦਾਖ਼ਿਲ ਕਰਵਾਇਆ ਗਿਆ ਹੈ।