ਕਪੂਰਥਲਾ: ਸੁਲਤਾਨਪੁਰ ਲੋਧੀ ਦੇ ਪਿੰਡ ਬਾਉਪੁਰ ਵਿਖੇ ਬੰਨ੍ਹ ਬੰਨਣ ਦੀ ਸੇਵਾ ਚੱਲ ਰਹੀ ਸੀ ਜਿਸ ਦੌਰਾਨ ਪਿੰਡ ਰਾਮਪੁਰ ਗੌਰੇ ਦੇ ਦੋ ਪਰਿਵਾਰਾਂ ਦੇ ਦੋ ਮਾਸੂਮ ਬੱਚੇ ਸ਼ਾਮ ਦੇ ਸਮੇਂ ਖੇਡਦੇ ਖੇਡਦੇ ਦਰਿਆ ਬਿਆਸ ਦੇ ਪਾਣੀ ਵਿੱਚ ਡੁੱਬ ਗਏ। ਇਨ੍ਹਾਂ ਨੂੰ ਬੜੀ ਮੁਸ਼ੱਕਤ ਦੇ ਬਾਅਦ ਪਿੰਡ ਵਾਸੀਆਂ ਵੱਲੋਂ ਬੱਚਿਆਂ ਨੂੰ ਪਾਣੀ ਵਿੱਚੋਂ ਕੱਢਿਆ ਗਿਆ ਅਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਨਾਲ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਹੈ।
2 ਮਾਸੂਮਾਂ ਦੀ ਗਈ ਜਾਨ: ਮ੍ਰਿਤਕ ਬੱਚਿਆਂ ਦੀ ਪਛਾਣ ਗੁਰਬੀਰ ਸਿੰਘ ਗੋਰਾ ਪੁੱਤਰ ਸਤਨਾਮ ਸਿੰਘ ਅਤੇ ਸਮਰਪ੍ਰੀਤ ਸਿੰਘ ਪੁੱਤਰ ਰਾਮ ਸਿੰਘ ਨਿਵਾਸੀ ਰਾਮਪੁਰ ਗੌਰੇ ਵਜੋਂ ਹੋਈ ਹੈ। ਗੁਰਬੀਰ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਨ੍ਹਾਂ ਪੰਜਾਬ ਸਰਕਾਰ ਨਾਲ ਬੇਹਦ ਨਾਰਾਜ਼ਗੀ ਜ਼ਾਹਿਰ ਕੀਤੀ ਹੈ।
ਉੱਥੇ ਹੀ, ਸੁਲਤਾਨਪੁਰ ਲੋਧੀ ਹਲਕੇ ਦੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੀ ਮੌਕੇ ਉੱਤੇ ਪਹੁੰਚੇ। ਉਨ੍ਹਾਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਪਰਿਵਾਰ ਵਾਲਿਆਂ ਨੇ ਸਰਕਾਰ ਨੂੰ ਫੇਲ੍ਹ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਪੰਜਾਬ ਸਰਕਾਰ ਦੇ ਕਾਰਨ ਸਾਡੇ ਬੱਚੇ ਨਹੀਂ ਰਹੇ ਹਨ। ਉਨ੍ਹਾਂ ਨੇ ਸਰਕਾਰ ਦੇ ਖਿਲਾਫ ਰੋਸ ਵੀ ਜਾਹਿਰ ਕੀਤਾ। ਮੌਕੇ ਉੱਤੇ ਪੁਲਿਸ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਬੰਨ੍ਹ ਦੇ ਮੁਕੰਮਲ ਹੋਣ 'ਤੇ ਹਰ ਕੋਈ ਸੀ ਖੁਸ਼: ਇਸ ਦੌਰਾਨ ਪਿੰਡ ਰਾਮਪੁਰ ਗੋਰ ਦੇ 8-9 ਸਾਲ ਦੇ ਬੱਚੇ ਗੁਰਬੀਰ ਸਿੰਘ ਅਤੇ ਸਮਰਪ੍ਰੀਤ ਸਿੰਘ ਵੀ ਆਪਣੇ ਮਾਤਾ-ਪਿਤਾ ਨਾਲ ਸੇਵਾ ਕਰਨ ਆਏ ਹੋਏ ਸਨ। ਉਸ ਦੇ ਮਾਤਾ-ਪਿਤਾ ਸੇਵਾ ਵਿਚ ਰੁੱਝੇ ਹੋਏ ਸਨ, ਕਿਉਂਕਿ ਬੰਨ੍ਹ ਦਾ ਕੰਮ ਪੂਰਾ ਹੋਣ ਵਾਲਾ ਸੀ ਅਤੇ ਸੇਵਾ ਵਿਚ ਲੱਗੇ ਲੋਕ ਖੁਸ਼ ਸਨ ਕਿ ਅਚਾਨਕ ਇਹ ਹਾਦਸਾ ਵਾਪਰ ਗਿਆ ਜਿਸ ਕਾਰਨ ਸਾਰਾ ਮਾਹੌਲ ਸੋਗ ਵਿੱਚ ਬਦਲ ਗਿਆ।
2 ਮਹੀਨਿਆਂ ਤੋਂ ਬੰਨ੍ਹ ਟੁੱਟਿਆ, ਕਾਰ ਸੇਵਾ ਚੱਲ ਰਹੀ : ਸੁਲਤਾਨਪੁਰ ਲੋਧੀ ਥਾਣੇ ਦੇ ਐਸਐਚਓ ਐਸਆਈ ਲਖਵਿੰਦਰ ਸਿੰਘ ਅਨੁਸਾਰ ਕਬੀਰਪੁਰ ਥਾਣੇ ਅਧੀਨ ਬਿਆਸ ਅਤੇ ਸਤਲੁਜ ਦਰਿਆ ਦਾ ਪਾਣੀ ਆਉਂਦਾ ਹੈ। ਪਿਛਲੇ ਦੋ ਮਹੀਨਿਆਂ ਤੋਂ ਆਏ ਹੜ੍ਹਾਂ ਕਾਰਨ ਇਹ ਬੰਨ੍ਹ ਟੁੱਟ ਗਿਆ ਸੀ। ਕਾਰਸੇਵਾ ਦੇ ਰੂਪ ਵਿਚ ਸੰਤਾਂ-ਮਹਾਂਪੁਰਸ਼ਾਂ ਦੇ ਸਹਿਯੋਗ ਨਾਲ ਬੰਨ੍ਹ ਨੂੰ ਬੰਨ੍ਹਣ ਦਾ ਕੰਮ ਚੱਲ ਰਿਹਾ ਸੀ ਅਤੇ ਬੰਨ੍ਹ ਨੂੰ ਬੰਨ੍ਹਣ ਦਾ ਕੰਮ ਅੰਤਿਮ ਪੜਾਅ 'ਤੇ ਸੀ। ਇਸ ਦੌਰਾਨ ਇਹ ਦੁਖਦਾਈ ਘਟਨਾ ਵਾਪਰ ਗਈ ਹੈ।