ਕਪੂਰਥਲਾ : ਦਰਿਆ ਬਿਆਸ ਦੇ ਤੇਜ਼ ਵਹਾਅ ਵਿੱਚ ਇਕ ਨੌਜਵਾਨ ਦੇ ਵਹਿ ਜਾਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਦੀ ਪਛਾਣ ਹਰਜੀਤ ਸਿੰਘ ਉਰਫ ਹਰੀ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਧਾਲੀਵਾਲ ਬੇਟ ਵਜੋਂ ਹੋਈ ਹੈ। ਘਟਨਾ ਸਥਾਨ ਉੱਤੇ ਮੌਜੂਦ ਪ੍ਰਤੱਖ ਦਰਸ਼ੀ ਸਰਬਨ ਸਿੰਘ ਅਨੁਸਾਰ ਲਾਪਤਾ ਵਿਆਕਤੀ ਆਪਣੇ ਡੇਰੇ ਉੱਤੇ ਜਾਣ ਲਈ ਜਿਵੇਂ ਹੀ ਪਾਣੀ ਵਿੱਚ ਉਤਰਿਆ ਤਾਂ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਹ ਡੂੰਘੇ ਪਾਣੀ ਵਿੱਚ ਵਹਿ ਗਿਆ, ਜਿਸ ਵਲੋਂ ਆਪਣੀ ਜਾਨ ਬਚਾਉਣ ਲਈ ਕਾਫੀ ਜੱਦੋਜਹਿਦ ਕੀਤੀ ਗਈ ਪਰ ਸਫਲਤਾ ਨਹੀਂ ਮਿਲੀ।
8 ਘੰਟੇ ਬਾਅਦ ਮਿਲੀ ਲਾਸ਼ : ਉਨ੍ਹਾਂ ਦੱਸਿਆ ਕਿ ਘਟਨਾ ਸਮੇਂ ਮੌਜੂਦ ਲੋਕਾਂ ਵਲੋਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ। ਇਸ ਤੋਂ ਬਾਅਦ ਥਾਣਾ ਢਿੱਲਵਾਂ ਪੁਲਿਸ ਮੌਕੇ ਉੱਤੇ ਪਹੁੰਚ ਗਈ। ਇਲਾਕ਼ਾ ਨਿਵਾਸੀ ਕੁੱਝ ਗੋਤਾਂਖੋਰਾ ਵੱਲੋਂ ਆਪਣੇ ਪੱਧਰ ਉੱਤੇ ਲਾਪਤਾ ਹਰਜੀਤ ਸਿੰਘ ਨੂੰ ਤਲਾਸ਼ ਕੀਤੀ ਗਈ ਪਰ ਆਖਿਰਕਾਰ 8 ਘੰਟਿਆਂ ਤੋਂ ਵੱਧ ਦੇ ਸਮੇ ਬਾਅਦ ਲਾਪਤਾ ਹਰਜੀਤ ਸਿੰਘ ਦੀ ਲਾਸ਼ ਬਰਾਮਦ ਹੋ ਗਈ।
ਦਰਅਸਲ, ਹਿਮਾਚਲ ਵਿੱਚ ਲਗਾਤਾਰ ਪੈਣ ਕਾਰਨ ਮੈਦਾਨੀ ਇਲਾਕੇ 'ਚ ਤਬਾਹੀ ਮਚਾਈ ਹੋਈ ਹੈ। ਜਿਸ ਦੇ ਚੱਲਦੇ ਪੰਜਾਬ ਦੇ ਡੈਮਾਂ ਤੋਂ ਛੱਡਿਆ ਗਿਆ ਪਾਣੀ ਹੁਣ ਸੂਬੇ ਦੇ ਦੋ ਜ਼ਿਲ੍ਹਿਆਂ ਫਿਰੋਜ਼ਪੁਰ-ਫਾਜ਼ਿਲਕਾ ਵਿੱਚ ਤਬਾਹੀ ਮਚਾ ਰਿਹਾ ਹੈ। ਦੋਵਾਂ ਜ਼ਿਲ੍ਹਿਆਂ ਦੇ ਕਰੀਬ 74 ਪਿੰਡ ਅਤੇ ਬੀਐਸਐਫ ਦੀਆਂ ਕਈ ਚੌਕੀਆਂ ਹੜ੍ਹ ਦੀ ਲਪੇਟ ਵਿੱਚ ਹਨ। ਸ਼ਨੀਵਾਰ ਨੂੰ ਹੁਸੈਨੀਵਾਲਾ ਤੋਂ 2 ਲੱਖ 82 ਹਜ਼ਾਰ 875 ਕਿਊਸਿਕ ਪਾਣੀ ਛੱਡੇ ਜਾਣ ਕਾਰਨ ਅਗਲੇ 48 ਘੰਟਿਆਂ ਦੌਰਾਨ ਇਨ੍ਹਾਂ ਸਰਹੱਦੀ ਪਿੰਡਾਂ ਵਿੱਚ ਭਾਰੀ ਤਬਾਹੀ ਹੋਣ ਦੀ ਸੰਭਾਵਨਾ ਹੈ। ਤਿੰਨ ਡੈਮਾਂ ਭਾਖੜਾ ਤੋਂ 57509 ਕਿਊਸਿਕ, ਆਰਐਸਡੀ ਤੋਂ 20145 ਕਿਊਸਿਕ ਅਤੇ ਪੌਂਗ ਤੋਂ 78354 ਕਿਊਸਿਕ ਪਾਣੀ ਛੱਡਿਆ ਗਿਆ ਹੈ।
ਹਾਈ ਅਲਰਟ 'ਤੇ ਪੰਜਾਬ ਸਰਕਾਰ: ਦੂਜੇ ਪਾਸੇ ਫ਼ਾਜ਼ਿਲਕਾ ਦੇ 24 ਪਿੰਡਾਂ ਵਿੱਚ ਹਾਲਾਤ ਖ਼ਰਾਬ ਹਨ। ਕਈ ਪਿੰਡਾਂ ਤੋਂ ਲੋਕ ਹਿਜਰਤ ਕਰਨ ਲੱਗ ਪਏ ਹਨ। NDRF ਦੀਆਂ 4 ਟੀਮਾਂ ਨੂੰ ਬੁਲਾਇਆ ਗਿਆ ਹੈ। ਫ਼ਿਰੋਜ਼ਪੁਰ ਵਿੱਚ 50 ਤੋਂ ਵੱਧ ਸਰਹੱਦੀ ਪਿੰਡ ਹੜ੍ਹ ਦੇ ਪਾਣੀ ਦੀ ਲਪੇਟ ਵਿੱਚ ਆ ਗਏ। ਇਥੋਂ ਤੱਕ ਕਿ ਹੁਸੈਨੀਵਾਲਾ ਸ਼ਹੀਦੀ ਸਮਾਰਕ ਪਾਣੀ ਵਿੱਚ ਡੁੱਬ ਗਿਆ। ਫਿਰੋਜ਼ਪੁਰ ਵਿੱਚ ਹੜ੍ਹ ਪ੍ਰਭਾਵਿਤ 7 ਹੋਰ ਸਕੂਲਾਂ ਵਿੱਚ 27 ਤੱਕ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਸਰਕਾਰ ਹਾਈ ਅਲਰਟ 'ਤੇ ਹੈ। ਸਰਕਾਰ ਨੇ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਨੂੰ ਨੀਵੇਂ ਇਲਾਕਿਆਂ 'ਤੇ ਨਜ਼ਰ ਰੱਖਣ ਦੇ ਹੁਕਮ ਦਿੱਤੇ ਹਨ।