ਕਪੂਰਥਲਾ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ(Punjab Chief Minister Charanjit Singh Channi) ਨੇ ਸੂਬੇ ਦੀ ਸ਼ਾਨ ਨੂੰ ਬਹਾਲ ਕਰਨ ਲਈ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਹੈ ਕਿ ਪੰਜਾਬ ਨੂੰ “ਦੇਸ਼ ਦੀ ਸੋਨੇ ਦੀ ਚਿੜੀ” ਵਜੋਂ ਵਿਕਸਿਤ ਕੀਤਾ ਜਾਵੇਗਾ।
ਅੱਜ (ਸ਼ੱਕਰਵਾਰ) ਇੱਥੇ ਵਿਸ਼ਵਕਰਮਾ ਮੰਦਿਰ ਵਿਖੇ 111ਵੇਂ ਵਿਸ਼ਵਕਰਮਾ ਪੂਜਾ ਉਤਸਵ(Vishwakarma Puja Festival) ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਜਿੱਥੇ ਵਿਸ਼ਵਕਰਮਾ ਦਿਵਸ ਮੌਕੇ ਸ਼ਿਲਪਕਾਰਾਂ, ਕਾਮਿਆਂ, ਕਿਰਤੀਆਂ ਨੂੰ ਮੁਬਾਰਕਬਾਦ ਦਿੱਤੀ। ਉਥੇ ਹੀ ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਬਪੱਖੀ ਵਿਕਾਸ ਅਤੇ ਲੋਕਾਂ ਦੇ ਜੀਵਨ ਨੂੰ ਖੁਸ਼ਹਾਲ ਬਣਾਉਣ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਭਗਵਾਨ ਵਿਸ਼ਵਕਰਮਾ ਦੇ ਆਸ਼ੀਰਵਾਦ ਨਾਲ ਸੂਬਾ ਤਰੱਕੀ ਦੀ ਰਾਹ ’ਤੇ ਪੈ ਗਿਆ ਹੈ ਅਤੇ ਵਿਆਪਕ ਯੋਜਨਾਬੰਦੀ ਰਾਹੀਂ ਇਸਦਾ ਚੌਹਮੁਖੀ ਵਿਕਾਸ ਕੀਤਾ ਜਾ ਰਿਹਾ ਹੈ।
ਪੰਜਾਬ ਸਰਕਾਰ(Government of Punjab) ਨੂੰ ਆਮ ਲੋਕਾਂ ਦੀ ਸਰਕਾਰ ਕਰਾਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ‘ਉਨ੍ਹਾਂ ਦਾ ਪਹਿਲੇ ਦਿਨ ਤੋਂ ਹੀ ਇਕਲੌਤਾ ਮੰਤਵ ਪਾਰਦਰਸ਼ਤਾ, ਜਵਾਬਦੇਹੀ ਅਤੇ ਲੋਕ ਪੱਖੀ ਪ੍ਰਸ਼ਾਸਨ ਮੁਹੱਈਆਂ ਕਰਵਾਉਣਾ ਸੀ।
ਜਿਸਦੇ ਮੱਦੇਨਜ਼ਰ ਦੇਸ਼ ਵਿਚ ਸਭ ਤੋਂ ਸਸਤੀ ਬਿਜਲੀ, ਬਸੇਰਾ ਯੋਜਨਾ ਤਹਿਤ ਗਰੀਬਾਂ ਨੂੰ ਪਲਾਟ ਦੇਣ ਵਰਗੇ ਭਲਾਈ ਵਾਲੇ ਫੈਸਲੇ ਲਾਗੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਦੌਰਾਨ ਲੋਕਾਂ ਦੀ ਭਲਾਈ ਲਈ ਹੋਰ ਵੀ ਕਦਮ ਚੁੱਕੇ ਜਾ ਰਹੇ ਹਨ।
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਉਹ ਦਿਨ ਬੀਤ ਗਏ ਹਨ, ਜਦ ਆਮ ਲੋਕਾਂ, ਕਿਸਾਨਾਂ, ਦੁਕਾਨਦਾਰਾਂ, ਕਰਮਚਾਰੀਆਂ ਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਤੱਕ ਪਹੁੰਚ ਕਰਨਾ ਵੀ ਲਗਭਗ ਅਸੰਭਵ ਸੀ। ਉਨ੍ਹਾਂ ਕਿਹਾ ਕਿ ਬਤੌਰ ਮੁੱਖ ਮੰਤਰੀ ਉਹ ਸੂਬੇ ਦੇ ਲੋਕਾਂ ਦੀ ਸੱਚੀ ਭਾਵਨਾ ਨਾਲ ਸੇਵਾ ਕਰਨਾ ਆਪਣਾ ਧਰਮ ਸਮਝਦੇ ਹਨ।
ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਨੂੰ ਮੁਖਾਤਿਬ ਹੁੰਦਿਆਂ ਉਨ੍ਹਾਂ ਕਿਹਾ ਕਿ ਭਗਵਾਨ ਵਿਸ਼ਵਕਰਮਾ ਵਲੋਂ ਸਮਾਜ ਦੀ ਤਰੱਕੀ ਦੀ ਨੀਂਹ ਰੱਖੀ ਗਈ ਅਤੇ ਉਨ੍ਹਾਂ ਤੋਂ ਸੇਧ ਲੈ ਕੇ ਸਮੂਹ ਕਾਮਿਆਂ, ਸ਼ਿਲਪਕਾਰਾਂ ਨੂੰ ਪੰਜਾਬ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਆਪਣਾ ਯੋਗਦਾਨ ਵੱਧ ਚੜਕੇ ਪਾਉਣਾ ਚਾਹੀਦਾ ਹੈ, ਜੋ ਕਿ ਭਗਵਾਨ ਵਿਸ਼ਵਕਰਮਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਤਕਨੀਕੀ ਹੁਨਰ ਨੂੰ ਵੱਧ ਤੋਂ ਵੱਧ ਵਿਕਸਤ ਕਰਨ ਤਾਂ ਜੋ ਪੇਸ਼ੇਵਰ ਰੁਜ਼ਗਾਰ ਦੇ ਮੌਕਿਆਂ ਦਾ ਵੱਧ ਤੋਂ ਵੱਧ ਲਾਹਾ ਲਿਆ ਜਾ ਸਕੇ।
ਮੁੱਖ ਮੰਤਰੀ ਵਲੋਂ ਇਸ ਮੌਕੇ ਵਿਸ਼ਵਕਰਮਾ ਮੰਦਰ ਲਈ 2 ਕਰੋੜ ਰੁਪਏ ਦੀ ਗ੍ਰਾਂਟ ਦਾ ਵੀ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਮੰਦਿਰ ਕਮੇਟੀ ਵਲੋਂ ਚਲਾਏ ਜਾ ਰਹੇ ਚੈਰੀਟੇਬਲ ਹਸਪਤਾਲ ਲਈ 1 ਅਤਿ ਆਧਨਿਕ ਐਂਬੂਲੇਂਸ ਦੇਣ ਦਾ ਵੀ ਐਲਾਨ ਕੀਤਾ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਵਿਸ਼ਵਕਰਮਾ ਮੰਦਰ ਵਿਖੇ ਨਤਮਸਤਕ ਹੋਏ, ਜਿੱਥੇ ਉਨ੍ਹਾਂ ਨੂੰ ਪ੍ਰਬੰਧਕੀ ਕਮੇਟੀ ਵੀ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਪ੍ਰਬੰਧਕੀ ਕਮੇਟੀ ਵਲੋਂ ਚਲਾਏ ਜਾਂਦੇ ਚੈਰੀਟੇਬਲ ਹਸਪਤਾਲ ਦਾ ਵੀ ਦੌਰਾ ਕੀਤਾ।
ਇਸ ਮੌਕੇ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਨਵਤੇਜ ਸਿੰਘ ਚੀਮਾ, ਡਾ.ਰਾਜ ਕੁਮਾਰ ਚੱਬੇਵਾਲ, ਅੰਗਦ ਸਿੰਘ, ਹਰਦੇਵ ਸਿੰਘ ਲਾਡੀ, ਸਾਬਕਾ ਮੰਤਰੀ ਅਤੇ ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ, ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਚੌਧਰੀ, ਸਾਬਕਾ ਵਿਧਾਇਕ ਤਰਲੋਚਨ ਸੂੰਢ, ਸਹਿਕਾਰੀ ਬੈਂਕ ਦੇ ਚੇਅਰਮੈਨ ਹਰਜੀਤ ਸਿੰਘ ਪਰਮਾਰ, ਸੀਨੀਅਰ ਕਾਂਗਰਸੀ ਆਗੂ ਬਲਬੀਰ ਰਾਣੀ ਸੋਢੀ, ਕਾਂਗਰਸ ਦੇ ਜ਼ਿਲਾ ਕੋਆਰਡੀਨੇਟਰ ਦਲਜੀਤ ਰਾਜੂ, ਜ਼ਿਲਾ ਯੂਥ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਹਰਨੂਰ ਸਿੰਘ ਹਰਜੀਮਾਨ, ਅਮਨਦੀਪ ਸਿੰਘ ਗੋਰਾ ਗਿੱਲ ਤੇ ਹੋਰ ਹਾਜ਼ਰ ਸਨ।
ਸ੍ਰੀ ਵਿਸ਼ਵਕਰਮਾ ਧੀਮਾਨ ਸਭਾ ਦੇ ਪ੍ਰਧਾਨ ਬਲਵੰਤ ਰਾਏ ਧੀਮਾਨ, ਸੁਰਿੰਦਰਪਾਲ ਧੀਮਾਨ, ਗੁਰਨਾਮ ਸਿੰਘ, ਪਰਦੀਪ ਧੀਮਾਨ, ਇੰਦਰਜੀਤ ਸਿੰਘ ਮਠਾੜੂ, ਪ੍ਰਸ਼ਾਂਤ ਧੀਮਾਨ ਤੇ ਹੋਰਾਂ ਵਲੋਂ ਮੁੱਖ ਮੰਤਰੀ ਪੰਜਾਬ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਹ ਵੀ ਪੜ੍ਹੋ:ਕਾਂਗਰਸ ਤੇ ਸਰਕਾਰ ਵਿਚਾਲੇ ਦਰਾਰ, ਸਿੱਧੂ ਨੇ ਲਗਾਏ ਰਗੜੇ