ਕਪੂਰਥਲਾ: ਸ਼ਹਿਰ ਦੇ ਖੋਜੀਆਂ ਮੁਹੱਲੇ ਵਿੱਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਦੋ ਨੌਜਵਾਨਾਂ ਨੇ ਇਕ ਕੁੱਤੇ ਨੂੰ ਰੱਸੀ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਿਆ ਅਤੇ ਫਿਰ ਉਸਨੂੰ ਰਿਕਸ਼ੇ ਚ ਪਾ ਕੇ ਆਪਣੇ ਨਾਲ ਲੈ ਗਏ। ਇਸ ਮਾਮਲੇ ਦੀ ਸਾਰੀ ਘਟਨਾ ਸੀਸੀਟੀਵੀ ਫੁਟੇਜ ਚ ਕੈਦ ਹੋ ਗਈ ਹੈ। ਮੌਕੇ ਤੇ ਮੌਜੂਦ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਤੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਕਾਬੂ ਕੀਤੇ ਗਏ ਦੋ ਨੌਜਵਾਨ ਕੁੱਤਿਆ ਨੂੰ ਫੜ ਕੇ ਮੌਤ ਦੇ ਘਾਟ ਉਤਾਰ ਦਿੰਦੇ ਹਨ।
ਪੀਪਲ ਫਾਰ ਐਨੀਮਲ ਸੰਸਥਾ ਦੀ ਮੈਂਬਰ ਨੇ ਨੌਜਵਾਨਾਂ ਨੂੰ ਕੀਤਾ ਪੁਲਿਸ ਹਵਾਲੇ
ਮਾਮਲੇ ਦੀ ਸੂਚਨਾ ਜਦੋ ਪੀਪਲ ਫਾਰ ਐਨੀਮਲ ਸੰਸਥਾ ਦੀ ਮੈਂਬਰ ਨਿਧੀ ਵਾਲੀਆ ਨੂੰ ਮਿਲੀ ਤਾਂ ਉਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਲੋਕਾਂ ਦੀ ਮਦਦ ਨਾਲ ਦੋ ਨੌਜਵਾਨਾਂ ਨੂੰ ਪੁਲਿਸ ਦੇ ਹਵਾਲੇ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੇ ਖਿਲਾਫ ਅਤੇ ਇਨ੍ਹਾਂ ਤੋਂ ਅਜਿਹਾ ਕੰਮ ਕਰਵਾਉਣ ਵਾਲੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਨੌਜਵਾਨਾਂ ਨੇ ਕੀਤਾ ਆਪਣਾ ਗੁਨਾਹ ਕਬੂਲ
ਦੱਸ ਦਈਏ ਕਿ ਇਸ ਮਾਮਲੇ ਨੂੰ ਅੰਜਾਮ ਦੇਣ ਵਾਲੇ ਨੌਜਵਾਨਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਤੇ ਉਨ੍ਹਾਂ ਨੇ ਦੱਸਿਆ ਕਿ ਇਸ ਕੰਮ ਨੂੰ ਕਰਨ ਲਈ ਉਨ੍ਹਾਂ ਨੂੰ 800 ਰੁਪਏ ਦਿੱਤੇ ਗਏ ਸੀ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਵੱਲੋਂ ਕੁੱਤੇ ਨੂੰ ਮਾਰਿਆ ਨਹੀਂ ਗਿਆ ਹੈ ਸਗੋਂ ਉਸਨੂੰ ਕਿੱਧਰੇ ਹੋਰ ਛੱਡ ਕੇ ਆ ਗਏ ਹਨ।
ਪੁਲਿਸ ਵੱਲੋਂ ਕੀਤੀ ਜਾ ਰਹੀ ਮਾਮਲੇ ਦੀ ਜਾਂਚ
ਉਧਰ ਇਸ ਮਾਮਲੇ ’ਤੇ ਥਾਣਾ ਸਿਟੀ ਫਗਵਾੜਾ ਦੇ ਐੱਸ ਆਈ ਨਵਦੀਪ ਸਿੰਘ ਨੇ ਦੱਸਿਆ ਕਿ ਇੱਕ ਐਨਜੀਓ ਦੇ ਮੈਂਬਰਾਂ ਵੱਲੋਂ ਦੋ ਵਿਅਕਤੀਆਂ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ ਜਿਨ੍ਹਾਂ ਤੇ ਕੁੱਤੇ ਨੂੰ ਬੇਰਹਿਮੀ ਨਾਲ ਮਾਰਨ ਦੇ ਇਲਜ਼ਾਮ ਲੱਗੇ ਹਨ। ਜਿਸ ’ਤੇ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਇਸ ਮਾਮਲੇ ਚ ਦੋਸ਼ੀ ਪਾਇਆ ਗਿਆ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਗੁਜਰਾਤ: ਭਰੂਚ ਦੀ ਕੈਮੀਕਲ ਕੰਪਨੀ 'ਚ ਲੱਗੀ ਭਿਆਨਕ ਅੱਗ, 24 ਜਖ਼ਮੀ