ਕਪੂਰਥਲਾ: ਕੋਰੋਨਾ ਵਾਇਰਸ ਦੇ ਵੱਧਦੇ ਪ੍ਰਭਾਵ ਕਾਰਨ ਕੇਂਦਰ ਸਰਕਾਰ ਨੇ ਸਮੁੱਚੇ ਦੇਸ਼ ਨੂੰ 14 ਅਪ੍ਰੈਲ ਤੱਕ ਲੌਕਡਾਊਨ ਕਰ ਦਿੱਤਾ ਹੈ। ਲੌਕਡਾਊਨ ਤੋਂ ਬਾਅਦ ਸੂਬਾ ਸਰਕਾਰ ਨੇ ਸੂਬੇ ਦੇ ਨਿਵਾਸੀਆਂ ਲਈ ਕੁਝ ਤੇ ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਦੀਆਂ ਹਿਦਾਇਤਾਂ ਦਿੱਤੀਆਂ ਹਨ। ਇਸ ਤਹਿਤ ਕਪੂਰਥਲਾ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੇ ਮੀਡੀਆ ਨਾਲ ਗੱਲਬਾਤ ਕੀਤੀ ਤੇ ਸਰਕਾਰ ਵੱਲੋਂ ਜਾਰੀ ਹੋਈਆਂ ਹਿਦਾਇਤਾਂ ਨੂੰ ਸਾਂਝਾ ਕੀਤਾ।
ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਕੋਵਿਡ-19 ਵਰਗੀ ਮਹਾਂਮਾਰੀ ਤੋਂ ਬਚਣ ਲਈ ਲੌਕਡਾਊਨ ਕਰ ਦਿੱਤਾ ਹੈ। ਲੌਕਡਾਊਨ ਤੋਂ ਬਾਅਦ ਲੋਕਾਂ ਨੂੰ ਖਾਣ-ਪੀਣ ਦੇ ਸਮਾਨ ਨੂੰ ਲੈ ਕੇ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨੂੰ ਦੇਖਦੇ ਹੋਏ ਸਰਕਾਰ ਨੇ ਜ਼ਰੂਰਤ ਦਾ ਸਮਾਨ ਦੇਣ ਲਈ ਹੋਮ-ਡਿਲਵਰੀ ਸੇਵਾ ਨੂੰ ਸ਼ੁਰੂ ਕੀਤੀ ਹੈ ਜਿਸ ਨਾਲ ਲੋਕਾਂ ਨੂੰ ਘਰ ਦੇ ਵਿੱਚ ਹੀ ਸਮਾਨ ਦਿੱਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮਾਨ ਨੂੰ ਡਿਲਵਰ ਕਰਨ ਦਾ ਵੀ ਸਰਕਾਰ ਵੱਲੋਂ ਸਮਾਂ ਨਿਸ਼ਚਿਤ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਹੋਮ ਡਿਲੀਵਰੀ ਤੇ ਰੇਹੜੀਆਂ ਰਾਹੀਂ ਸਬਜ਼ੀਆਂ ਤੇ ਫ਼ਲਾਂ ਦੀ ਸਪਲਾਈ ਕਰਨ ਲਈ 2 ਤੋਂ 6 ਵਜੇ ਤੱਕ ਦਾ ਸਮਾਂ ਹੈ। ਇਸ ਦੇ ਲਈ ਛੋਟਾ ਵਾਹਨ ਸੇਵਾ ਵੀ ਸ਼ੁਰੂ ਕੀਤੀ ਗਈ ਹੈ। ਕੋਰੋਨਾ ਵਾਇਰਸ ਤੋਂ ਬਚਣ ਤੇ ਰੋਕਣ ਲਈ ਦੁਕਾਨਾਂ ਦੇ ਬਾਹਰ ਕੁਝ ਕੁ ਦੂਰੀ ਦੇ ਸਰਕਲ ਬਣਾਏ ਗਏ ਹਨ ਜਿਸ 'ਚ ਗਾਹਕ ਦੂਰੀ ਨਾਲ ਖੜ੍ਹੇ ਹੋਣਗੇ।
ਇਹ ਵੀ ਪੜ੍ਹੋ: ਫ਼ਰੀਦਕੋਟ ਦੇ ਐਸਡੀਐਮ ਨੇ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਕੀਤੀ ਅਪੀਲ
ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀਆਂ ਹਿਦਾਇਤਾਂ 'ਤੇ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਸੈਨੇਟਾਈਜ਼ਰ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਪੂਰੇ ਜ਼ਿਲ੍ਹੇ ਦੀ ਸਾਰੀਆਂ ਸਬ-ਡਵੀਜ਼ਨਾਂ ਵਿੱਚ ਕਰਫ਼ਿਊ ਪਾਸ ਦੀ ਸਹੂਲਤ ਨੂੰ ਆਨਲਾਈਨ ਸ਼ੁਰੂ ਕਰ ਦਿੱਤਾ ਹੈ। ਪਾਸ ਬਣਾਉਣ ਲਈ ਲੋਕਾਂ ਨੂੰ ਦਫ਼ਤਰ ਆਉਣ ਦੀ ਲੋੜ ਨਹੀਂ ਹੈ, ਉਹ ਆਪਣੇ ਵੇਰਵਿਆਂ ਨੂੰ ਈਮੇਲ ਰਾਹੀਂ ਭੇਜ ਕੇ ਪਾਸ ਜਾਰੀ ਕਰਵਾ ਸਕਦੇ ਹਨ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਕਰਫ਼ਿਊ ਵਿੱਚ ਸਰਕਾਰ ਦਾ ਸਹਿਯੋਗ ਕਰਨ ਤੇ ਸਰਕਾਰ ਦੀਆਂ ਹਿਦਾਇਤਾਂ 'ਤੇ ਅਮਲ ਕਰਨ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਆਪਣੇ ਘਰਾਂ ਦੇ ਅੰਦਰ ਰਹਿਣ ਦੀ ਅਪੀਲ ਕੀਤੀ ਤੇ ਵਾਰ-ਵਾਰ ਆਪਣੇ ਹੱਥਾਂ ਨੂੰ ਸੈਨੇਟਾਈਜ਼ ਕਰਨ ਲਈ ਕਿਹਾ।