ਕਪੂਰਥਲਾ: ਸੂਬੇ ਭਰ ਵਿੱਚ ਹਰ ਪਾਸੇ ਹੜ੍ਹਾਂ ਦੀ ਮਾਰ ਮਗਰੋਂ ਬਹੁਤ ਸਾਰੇ ਲੋਕਾਂ ਨੂੰ ਆਪਣੇ ਘਰਾਂ ਤੋਂ ਬੇਘਰ ਹੋਣਾ ਪਿਆ। ਸਰਕਾਰ ਤੇ ਪ੍ਰਸ਼ਾਸਨ ਦੀ ਮਦਦ ਨਾਲ ਉਨ੍ਹਾਂ ਹੜ੍ਹ ਪੀੜਿਤ ਲੋਕਾਂ ਨੂੰ ਸਰਕਾਰ ਵੱਲੋਂ ਲਗਾਏ ਰਾਹਤ ਕੈਂਪਾਂ ਵਿੱਚ ਵੀ ਸ਼ਰਨ ਦਿੱਤੀ ਗਈ ਤੇ ਕੁਝ ਖਾਲੀ ਪਈਆਂ ਇਮਾਰਤਾਂ ਵਿੱਚ ਉਦੋ ਤੱਕ ਲਈ ਠਹਿਰਾਇਆ ਗਿਆ, ਜਦੋਂ ਸਥਿਤੀ ਪੂਰੀ ਤਰਾਂ ਨਾਲ ਕਾਬੂ ਹੇਠ ਨਾ ਆ ਜਾਵੇ।
ਹੜ੍ਹ ਨੇ ਕੀਤਾ ਆਮ ਜਨਜੀਵਨ ਪ੍ਰਭਾਵਿਤ: ਅਜਿਹੇ ਵਿੱਚ ਜਲੰਧਰ ਦੇ ਕਸਬਾ ਲੋਹੀਆਂ ਦੇ ਪਿੰਡ ਮੰਡਾਲਾ ਤੇ ਨਸੀਰਪੁਰ ਵਿਚਕਾਰ ਜਦ ਧੁੱਸੀ ਬੰਨ੍ਹ ਵਿੱਚ ਸਤਲੁਜ ਦੇ ਪਾਣੀ ਕਰਨ ਪਾੜਾ ਪਿਆ, ਤਾਂ ਉਹ ਸਾਰਾ ਪਾਣੀ ਨਾਲ ਲੱਗਦੇ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡਾਂ ਵੱਲ ਨੂੰ ਵੱਧਣ ਲੱਗਾ ਜਿਸ ਕਾਰਨ ਸੁਲਤਾਨਪੁਰ ਲੋਧੀ ਹਲਕੇ ਦੇ 25 ਦੇ ਕਰੀਬ ਪਿੰਡ ਪ੍ਰਭਾਵਿਤ ਹੋਏ ਅਤੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਆਪਣੇ ਘਰਾਂ ਤੋਂ ਨਾ ਚਾਹੁੰਦੇ ਹੋਇਆ ਬੇਘਰ ਹੋਣਾ ਪਿਆ। ਇਸ ਮਗਰੋਂ ਇਸ ਆਫ਼ਤ ਤੋਂ ਬਚਾਉਣ ਲਈ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਕਰੀਬ 500 ਲੋਕਾਂ ਨੂੰ ਰੈਸਕਿਊ ਕਰਕੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਪਹੁੰਚਾਇਆ ਗਿਆ। ਕੁਝ ਲੋਕਾਂ ਨੂੰ ਪ੍ਰਸ਼ਾਸ਼ਨ ਵੱਲੋਂ ਬਣਾਏ ਗਏ ਰਾਹਤ ਕੈਂਪਾਂ ਅਤੇ ਕੁਝ ਲੋਕਾਂ ਨੂੰ ਗੁਰੂ ਘਰਾਂ ਵਿੱਚ ਜਗ੍ਹਾ ਦਿੱਤੀ ਗਈ।
ਰਬਾਬ ਸਰ ਗੁਰਦੁਆਰਾ ਬਣਿਆ ਸਹਾਰਾ: ਅਜਿਹੇ ਵਿੱਚ 50 ਤੋਂ ਵੱਧ ਪਰਿਵਾਰਾਂ ਤੇ 300 ਦੇ ਕਰੀਬ ਲੋਕਾਂ ਪ੍ਰਸ਼ਾਸ਼ਨ ਦੇ ਵੱਲੋਂ ਰੈਸਕਿਊ ਕਰ ਸੁਲਤਾਨਪੁਰ ਲੋਧੀ ਦੇ ਪਿੰਡ ਭਰੋਆਣਾ ਦੇ ਗੁਰਦੁਆਰਾ ਰਬਾਬ ਸਰ ਸਾਹਿਬ ਵਿਖੇ ਠਹਿਰਾਇਆ ਗਿਆ, ਜਿੱਥੇ ਉਨ੍ਹਾਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਜੋ ਇਸ ਹੜ੍ਹ ਦੀ ਮਾਰ ਤੋਂ ਪੀੜਿਤ ਰਹੇ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਆਫਤ ਦੇ ਆਉਣ ਮਗਰੋਂ ਬਹੁਤ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਆਪਣੇ ਘਰਾਂ ਨੂੰ ਛੱਡਣਾ ਤਾਂ ਇੱਕ ਪਾਸੇ ਉਹ ਤਰ੍ਹਾਂ ਦੀ ਸਹੂਲਤ ਤੋਂ ਸੱਖਣੇ ਹੋ ਗਏ। ਉਨ੍ਹਾਂ ਦੱਸਿਆ ਕਿ ਜਿਸ ਵੇਲ੍ਹੇ ਉਨ੍ਹਾਂ ਨੂੰ ਇਸ ਆਫਤ ਦਾ ਸਾਹਮਣਾ ਕਰਨਾ ਪਿਆ ਤਾਂ ਉਸ ਵੇਲੇ ਉਹ ਖਾਣੇ - ਦਾਣੇ ਤੋਂ ਮੁਹਤਾਜ ਹੋ ਗਏ, ਪਰ ਸਥਾਨਕ ਪ੍ਰਸ਼ਾਸ਼ਨ ਤੇ ਕੁਝ ਬਾਹਰੋਂ ਆਈਆਂ ਸੰਸਥਾਵਾਂ ਦੇ ਨੌਜਵਾਨਾਂ ਵੱਲੋਂ ਉਨ੍ਹਾਂ ਨੂੰ ਸੁਰੱਖਿਅਤ ਜਗ੍ਹਾ ਉੱਤੇ ਪਹੁੰਚਾ ਕੇ ਉਨ੍ਹਾਂ ਨੂੰ ਹਰ ਪੱਖੋਂ ਸਹੂਲਤ ਪ੍ਰਦਾਨ ਕੀਤੀ ਗਈ।
ਪੀੜਿਤ ਲੋਕਾਂ ਨੇ ਮਦਦ ਲਈ ਕੀਤਾ ਸ਼ੁਕਰਗੁਜ਼ਾਰ: ਸਥਾਨਕ ਲੋਕਾਂ ਨੇ ਦੱਸਿਆ ਕਿ ਸਹੂਲਤ ਦਿੰਦੇ ਹੋਏ ਰੋਟੀ ਤੋਂ ਲੈਕੇ ਉਨ੍ਹਾਂ ਦੇ ਬੱਚਿਆਂ ਦਾ ਖਾਣਾ-ਦਾਣਾ, ਸਿਰ ਢੱਕਣ ਨੂੰ ਤਿਰਪਾਲਾਂ , ਮੱਛਰਦਾਨੀਆਂ, ਦਵਾਈਆਂ ਤੱਕ ਦੀ ਸਹੂਲਤ ਦਿੱਤੀ ਗਈ। ਅਜਿਹੇ ਵਿੱਚ ਉਨ੍ਹਾਂ ਨੇ ਕਿਹਾ ਕਿ ਉਹ ਇਸ ਰਬਾਬ ਸਰ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਸ਼ਾਸਨ ਤੇ ਉਨ੍ਹਾਂ ਸੰਸਥਾਵਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ, ਜਿਨ੍ਹਾਂ ਵੱਲੋਂ ਉਨ੍ਹਾਂ ਨੂੰ ਨਵੀਂ ਜਿੰਦਗੀ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਚਾਹੇ ਹਾਲਾਤ ਪਹਿਲਾ ਨਾਲੋਂ ਕਾਬੂ ਵਿੱਚ ਹਨ, ਪਰ ਸੁਲਤਾਨਪੁਰ ਲੋਧੀ ਦਾ ਸਾਰਾ ਇਲਾਕਾ ਹੜ੍ਹ ਕਾਰਨ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋ ਚੁੱਕਾ ਹੈ। ਇਸ ਕਾਰਨ ਬੱਚਿਆਂ ਦੀ ਪੜ੍ਹਾਈ ਉੱਤੇ ਵੀ ਬਹੁਤ ਵੱਡਾ ਅਸਰ ਪਿਆ ਹੈ ਅਤੇ ਕਈ ਸਕੂਲ ਵੀ ਆਰਜੀ ਤੌਰ ਉੱਤੇ ਬੰਦ ਹੋ ਚੁੱਕੇ ਹਨ। ਹਾਲਾਂਕਿ, ਮੌਜੂਦਾ ਹਾਲਾਤ ਵੇਖ ਕੇ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇਨ੍ਹਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਲੀਹਾਂ ਉੱਤੇ ਆਉਣ ਲਈ ਦੋ ਤੋਂ ਤਿੰਨ ਮਹੀਨੇ ਦਾ ਸਮਾਂ ਲੱਗੇਗਾ, ਪਰ ਪ੍ਰਸ਼ਾਸਨ ਤੇ ਸਰਕਾਰ ਵਲੋਂ ਹਰ ਸਭੰਵ ਮਦਦ ਦੇਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ।