ਕਪੂਰਥਲਾ: ਚੰਗੇ ਭੱਵਿਖ ਅਤੇ ਅਮੀਰ ਹੋਣ ਦੇ ਸੁਪਨੇ ਵਿਖਾ ਕੇ ਕੁੜੀਆਂ ਨੂੰ ਧੋਖੇ ਨਾਲ ਮਸਕਟ ਵਿੱਚ ਵੇਚੇ ਜਾਣ ਵਾਲੇ ਮਾਮਲੇ ਘਟਣ ਦੇ ਨਾਮ ਨਹੀਂ ਲੈ ਰਹੇ। ਆਏ ਦਿਨ ਮਸਕਟ ਵਿੱਚ ਧੋਖੇ ਨਾਲ ਫਸੀਆਂ ਕੁੜੀਆਂ ਨੂੰ ਜਥੇਬੰਦੀਆਂ ਵਲੋਂ ਵਾਪਸ ਭਾਰਤ ਲਿਆਂਦਾ ਜਾ ਰਿਹਾ ਹੈ। ਪੀੜਤ ਕੁੜੀਆਂ ਆ ਕੇ ਆਪਣੇ ਨਾਲ ਬੀਤੀ ਤਸ਼ਦਦ ਬਾਰੇ ਜਦੋਂ ਖੁਲਾਸਾ ਕਰਦੀਆਂ ਹਨ, ਤਾਂ ਰੋਂਗਟੇ ਖੜੇ ਹੋ ਜਾਂਦੇ ਹਨ। ਅਜਿਹਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਵਿਦੇਸ਼ ਮਸਕਟ ਵੇਚੀ ਲੜਕੀ ਨੂੰ ਪੰਜਾਬ ਕਿਸਾਨ ਯੂਨੀਅਨ ਬਾਗੀ ਦੇ ਯਤਨਾਂ ਸਦਕਾ ਵਾਪਸ ਭਾਰਤ ਮੰਗਵਾਇਆ ਗਿਆ।
ਪਾਰਲਰ ਦਾ ਕੰਮ ਸਿਖਾਇਆ, ਫਿਰ ਵਿਦੇਸ਼ 'ਚ ਵੇਚਿਆ: ਪੰਜਾਬ ਕਿਸਾਨ ਯੂਨੀਅਨ ਬਾਗੀ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਭੰਡਾਲ ਨੇ ਦੱਸਿਆ ਕਿ ਤਕਰੀਬਨ 4-5 ਮਹੀਨੇ ਪਹਿਲਾਂ, ਘਰ ਦੇ ਹਲਾਤ ਸੁਧਾਰਣ ਲਈ ਵਿਦੇਸ਼ ਮਸਕਟ ਗਈ ਲੜਕੀ ਨੂੰ ਉੱਥੇ ਭਾਰੀ ਤਸ਼ੱਸਦ ਝੱਲਣਾ ਪਿਆ। ਪੀੜਤ ਕੁੜੀ ਨੇ ਵੀ ਦੱਸਿਆ ਕਿ ਉਸ ਨੂੰ ਬਿਊਟੀ ਪਾਰਲਰ ਦੇ ਕੰਮ ਦਾ ਕਹਿ ਕੇ ਇਥੋਂ ਟੂਰਿਸਟ ਵੀਜ਼ੇ ਉੱਤੇ ਭੇਜਿਆ ਗਿਆ। ਗੁਰਦੀਪ ਸਿੰਘ ਭੰਡਾਲ ਨੇ ਦੱਸਿਆ ਕਿ ਉੱਥੇ ਪਹੁੰਚਣ ਤੋਂ ਬਾਅਦ ਜਦੋਂ ਲੜਕੀ ਕੋਲੋਂ ਦਸਤਾਵੇਜ਼ ਖੋਹ ਲਏ ਗਏ ਅਤੇ ਉਸ ਨੂੰ ਇੱਕ ਸ਼ੇਖ ਦੇ ਘਰ ਵਿੱਚ ਕੰਮ ਕਰਨ ਲਈ ਮਜਬੂਰ ਕੀਤਾ ਗਿਆ। ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ, ਤਾਂ ਉਸ ਨਾਲ ਕੁੱਟਮਾਰ ਕੀਤੀ (Punjab Girls In Arab) ਜਾਂਦੀ ਰਹੀ। ਉਸ ਨੂੰ ਬੰਧਕ ਬਣਾ ਕੇ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਲੜਕੀ ਨੂੰ ਰੋਟੀ ਵੀ ਨਹੀ ਦਿੱਤੀ ਜਾਂਦੀ ਸੀ, ਇਸ ਤੋਂ ਇਲਾਵਾ ਕਈ ਤਰ੍ਹਾਂ ਦਾ ਤਸ਼ਦਦ ਉਸ ਉੱਤੇ ਢਾਹਿਆ ਗਿਆ।
ਏਜੰਟ ਖਿਲਾਫ ਕਾਰਵਾਈ ਦੀ ਮੰਗ: ਜਦੋਂ ਕਿਸੇ ਤਰ੍ਹਾਂ ਕੁੜੀ ਨੇ ਪਰਿਵਾਰ ਨਾਲ ਸੰਪਰਕ ਕਰਕੇ ਸਾਰੇ ਹਾਲਾਤ ਸਾਂਝੇ ਕੀਤੇ, ਤਾਂ ਪਰਿਵਾਰ ਨੇ ਪੰਜਾਬ ਕਿਸਾਨ ਯੂਨੀਅਨ ਬਾਗੀ ਦੇ ਨਾਲ ਰਾਬਤਾ ਕਾਇਮ ਕਰਕੇ ਸਹਾਇਤਾ ਮੰਗੀ ਜਾਂਦੀ ਰਹੀ। ਜਥੇਬੰਦੀ ਵੱਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਉਸ ਏਜੰਟ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਜਥੇਬੰਦੀ ਦੇ ਅਹੁਦੇਦਾਰਾਂ ਵੱਲੋਂ ਪੈਰਵੀ ਕਰਕੇ ਇਸ ਲੜਕੀ ਨੂੰ ਸੁਰੱਖਿਤ ਵਾਪਸ ਮੰਗਵਾ ਲਿਆ ਗਿਆ ਹੈ। ਗੁਰਦੀਪ ਸਿੰਘ ਭੰਡਾਲ ਨੇ ਮਾਂਪਿਉ ਤੇ ਨੌਜਵਾਨ ਪੀੜੀ ਨੂੰ ਵੀ ਅਪੀਲ ਕੀਤੀ ਕਿ ਉਹ ਅਜਿਹੇ ਧੋਖੇਬਾਜ਼ ਏਜੰਟਾਂ ਤੋਂ ਬਚ ਕੇ ਰਹਿਣ, ਤਾਂ ਜੋ ਨੌਜਵਾਨ ਕੁੜੀਆਂ ਦੀ ਜਿੰਦਗੀ ਵਿਦੇਸ਼ਾਂ ਵਿੱਚ ਜਾ ਕੇ ਖਰਾਬ ਨਾ ਹੋਵੇ।