ਫਗਵਾੜਾ: ਫਿਲੌਰ ਪੁਲਿਸ ਨੇ ਵਿਸ਼ੇਸ਼ ਨਾਕੇਬੰਦੀ ਦੌਰਾਨ ਇੱਕ ਚਾਰ ਮੈਂਬਰੀ ਨਸ਼ਾ ਵੇਚਣ ਵਾਲੇ ਗਿਰੋਹ ਨੂੰ ਕਾਬੂ ਕੀਤਾ ਹੈ, ਜਿਸ ਵਿੱਚ ਮਾਂ-ਧੀ ਅਤੇ ਇੱਕ ਯੂਟਿਊਬ ਚੈਨਲ ਦਾ ਪੱਤਰਕਾਰ ਵੀ ਸ਼ਾਮਲ ਦੱਸੇ ਜਾ ਰਹੇ ਹਨ।
ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਐਸਆਈ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਹਿਰ ਵਿੱਚ ਇੱਕ ਵਿਸ਼ੇਸ਼ ਨਾਕਾ ਲਾਇਆ ਹੋਇਆ ਸੀ, ਜਿਸ ਦੌਰਾਨ ਇੱਕ ਬਰੇਜ਼ਾ ਕਾਰ ਨੂੰ ਰੋਕਿਆ ਗਿਆ। ਕਾਰ ਵਿੱਚ ਦੋ ਔਰਤਾਂ ਅਤੇ ਦੋ ਨੌਜਵਾਨ ਮੌਜੂਦ ਸਨ, ਜਿਨ੍ਹਾਂ ਦੀ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਹੈਰੋਇਨ, ਅਫੀਮ, ਪੰਜ ਮੋਬਾਈਲ ਫੋਨ ਅਤੇ ਇੱਕ ਲੱਖ ਬਾਈ ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗਿਰੋਹ ਵਿੱਚ ਜਲੰਧਰ ਵਿਖੇ ਯੂਟਿਊਬ ਚੈਨਲ ਚਲਾ ਰਿਹਾ ਇੱਕ ਪੱਤਰਕਾਰ ਵੀ ਸ਼ਾਮਿਲ ਹੈ, ਜਿਸ ਦੀ ਪਛਾਣ ਮਨੂ ਚਾਵਲਾ ਵਾਸੀ ਡੱਡਲ ਮੁਹੱਲਾ ਅਤੇ ਹਾਲ ਵਾਸੀ ਗਾਬਾ ਕਾਲੋਨੀ ਫਗਵਾੜਾ ਵੱਜੋਂ ਹੋਈ ਹੈ। ਇਹ ਪੱਤਰਕਾਰੀ ਦੀ ਆੜ ਵਿੱਚ ਨਸ਼ੇ ਦਾ ਕਾਰੋਬਾਰ ਕਰਦਾ ਸੀ ਤੇ ਹੁਣ ਪੁਲਿਸ ਦੇ ਹੱਥੇ ਚੜ੍ਹ ਗਿਆ।
ਐਸਆਈ ਨੇ ਦੱਸਿਆ ਕਿ ਨਸ਼ੇ ਸਮੇਤ ਫੜੀ ਗਈ ਔਰਤ ਬਾਲੀ ਮੀਨਾ ਸੈਣੀ ਖੁਦ ਨੂੰ ਭਾਜਪਾ ਨੇਤਰੀ ਦੱਸਦੀ ਹੈ। ਉਸ ਨਾਲ ਉਸਦੀ ਕੁੜੀ ਵੀ ਮੌਜੂਦ ਹੈ, ਜਿਸਦੀ ਉਮਰ 20 ਸਾਲ ਹੈ। ਆਰੋਪੀ ਰਾਮ ਲੁਭਾਇਆ ਉਰਫ ਰਾਮ ਪਾਲ ਬੱਸੀ ਲਾਮਿਆ ਮੁਹੱਲਾ ਫਗਵਾੜਾ ਇਸ ਸਾਰੇ ਮਾਮਲੇ ਦਾ ਮਾਸਟਰਮਾਈਂਡ ਦੱਸਿਆ ਜਾ ਰਿਹਾ ਹੈ।
ਪੁਲਿਸ ਨੇ ਕਥਿਤ ਦੋਸ਼ੀਆਂ ਕੋਲੋਂ 850 ਗ੍ਰਾਮ ਅਫ਼ੀਮ, 75 ਗ੍ਰਾਮ ਹੈਰੋਇਨ, ਪੰਜ ਮੋਬਾਇਲ ਫੋਨ, ਇੱਕ ਲੱਖ ਬਾਈ ਹਜ਼ਾਰ ਦੀ ਨਕਦੀ ਅਤੇ ਇੱਕ ਬਰੇਜ਼ਾ ਕਾਰ ਪੀਬੀ 09 ਏ.ਜੇ. 3867 ਬਰਾਮਦ ਕੀਤੀ ਹੈ।
ਪੁਲਿਸ ਨੇ ਕਥਿਤ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ।