ਕਪੂਰਥਲਾ : ਸੁਲਤਾਨਪੁਰ ਲੋਧੀ 'ਚ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਪਹੁੰਚੇ ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਅਤੇ ਸਾਬਕਾ ਕ੍ਰਿਕਟਰ ਯੋਗਰਾਜ ਸਿੰਘ ਨੇ ਪਹਿਲਾਂ ਮੱਥਾ ਟੇਕਿਆ ਅਤੇ ਬਾਅਦ ਵਿੱਚ ਮੀਡੀਆ ਸਾਹਮਣੇ ਵੱਡਾ ਐਲਾਨ ਕੀਤਾ ਹੈ। ਯੋਗਰਾਜ ਸਿੰਘ ਨੇ ਕਿਹਾ ਕਿ ਉਹ ਸਿਆਸਤ ਵਿੱਚ ਆਉਣਗੇ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਦੀ ਚੋਣ ਵੀ ਲੜਨਗੇ।
ਗੁਰੂ ਸਾਹਿਬ ਦੇ ਹੁਕਮ ਅਨੁਸਾਰ ਚੱਲਣ ਦੀ ਕੋਸ਼ਿਸ਼ : ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਉਹ ਆਪਣੇ ਗੁਰੂ ਸਾਹਿਬ ਦੇ ਦੱਸੇ ਹੋਏ ਰਾਹ ਅਤੇ ਹੁਕਮ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦੇ ਗੁਰੂ ਸਾਹਿਬ ਦਾ ਹੀ ਇਹ ਹੁਕਮ ਹੈ ਕਿ ਇਸ ਵਾਰ ਲੋਕ ਸਭਾ ਚੋਣਾਂ ਲਈ ਸ੍ਰੀ ਅਨੰਦਪੁਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਉਤਰਨ ਅਤੇ ਲੋਕ ਭਲਾਈ ਲਈ ਆਪਣਾ ਵਡਮੁੱਲਾ ਯੋਗਦਾਨ ਪਾਉਣ। ਉਨ੍ਹਾਂ ਨੇ ਕਿਹਾ ਕਿ ਪੰਥ ਅਤੇ ਪੰਜਾਬ ਵਾਸੀਆਂ ਦੀ ਸੇਵਾ ਮੇਰੇ ਵੱਲੋਂ ਕੀਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਉਹ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਲੈ ਕੇ ਸੰਗਤ ਵਿੱਚ ਜਾਵੇਗਾ।
ਕਈ ਵਾਰ ਹੋਏ ਭਾਵੁਕ : ਉਹਨਾਂ ਨੇ ਕਿਹਾ ਕਿ ਜਿਨ੍ਹਾਂ ਪਾਰਟੀਆਂ ਨੇ ਵੀ ਕੋਈ ਗਲਤੀ ਕੀਤੀ ਹੈ, ਉਹਨਾ ਨੂੰ ਸੰਗਤ ਪਾਸੋਂ ਮੁਆਫੀ ਮੰਗਣੀ ਚਾਹੀਦੀ ਹੈ। ਇਸ ਮੌਕੇ ਉੱਤੇ ਉਹ ਗੱਲ ਕਰਦੇ-ਕਰਦੇ ਕਈ ਵਾਰ ਭਾਵੁਕ ਵੀ ਹੋਏ ਹਨ। ਗੁਰਦੁਆਰਾ ਸ੍ਰੀ ਬੇਰ ਸਾਹਿਬ ਮੈਨੇਜਰ ਜਰਨੈਲ ਸਿੰਘ ਬੂਲੇ ਵੱਲੋ ਫ਼ਿਲਮੀ ਅਦਾਕਾਰ ਯੋਗਰਾਜ ਸਿੰਘ ਅਤੇ ਬਾਬਾ ਬਲਬੀਰ ਸਿੰਘ ਚਮਕੌਰ ਸਾਹਿਬ ਵਾਲਿਆਂ ਨੂੰ ਸਿਰੋਪਾ ਭੇਂਟ ਕਰ ਸਨਮਾਨਤ ਵੀ ਕੀਤਾ ਗਿਆ ।