ਕਪੂਰਥਲਾ: ਸਿਵਲ ਹਸਪਤਾਲ ਕਪੂਰਥਲਾ ਲਗਾਤਾਰ ਲਾਪਰਵਾਹੀਆਂ ਲਈ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵਾਰ ਹਸਪਤਾਲ 'ਤੇ ਲਾਪਰਵਾਹੀਆਂ ਦੇ ਇਲਜ਼ਾਮ ਹਸਪਤਾਲ ਵਿੱਚ ਕੰਮ ਕਰਦੀਆਂ ਹੈਲਥ ਵਰਕਰਾਂ ਲਗਾ ਰਹੀਆਂ ਹਨ। ਹੈਲਥ ਵਰਕਰਾਂ ਦਾ ਕਹਿਣਾ ਹੈ ਕਿ ਜਿਸ ਕੁਰਸੀ 'ਤੇ ਬੈਠਾ ਕੇ ਕੋਵਿਡ ਟੈਸਟ ਕੀਤੇ ਜਾਂਦੇ ਹਨ, ਉਸ ਨੂੰ ਬਾਅਦ ਵਿੱਚ ਸੈਨੇਟਾਈਜ਼ ਨਹੀਂ ਕੀਤਾ ਜਾਂਦਾ। ਇਸ ਦੇ ਨਾਲ ਉੱਥੇ ਗੰਦਗੀ ਨਾਲ ਭਰੇ ਡਸਟਬੀਨ ਨੂੰ ਵੀ ਨਹੀਂ ਚੁੱਕਿਆ ਜਾਂਦਾ ਹੈ।
ਇਸ ਮੌਕੇ ਕਮਿਊਨਿਟੀ ਹੈਲਥ ਅਫਸਰ ਨਵਦੀਪ ਕੌਰ ਦੇ ਹੱਕ ਵਿੱਚ ਇਕੱਠੀਆਂ ਹੋਈਆਂ ਹੈਲਥ ਵਰਕਰਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੋਰੋਨਾ ਮਹਾਂਮਾਰੀ ਸ਼ੁਰੂ ਹੋਣ 'ਤੇ ਹੀ ਨਿਰਵਿਘਨ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਨਵਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਆਪਣੀ ਨਿੱਜੀ ਕਾਰ 'ਚ ਪਿਛਲੇ ਕਰੀਬ ਚਾਰ ਮਹੀਨਿਆਂ ਤੋਂ ਝੁੱਗੀਆਂ ਤੇ ਹੋਰ ਪਿੰਡਾਂ 'ਚੋਂ ਕੋਰੋਨਾ ਦੇ ਸੈਂਪਲ ਲਏ ਜਾ ਰਹੇ ਹਨ ਅਤੇ ਇੱਥੋਂ ਤੱਕ ਕਿ ਉਹ ਸੈਪਲਾਂ ਤੋਂ ਇਲਾਵਾ ਬਾਇਓ ਵੈਸਟ ਵੀ ਆਪਣੀ ਕਾਰ 'ਚ ਲਿਆ ਕੇ ਹਸਪਤਾਲ ਜਮਾਂ ਕਰਵਾਉਂਦੀ ਰਹੀ ਹੈ। ਨਵਦੀਪ ਨੇ ਕਿਹਾ ਅੱਜ ਜਦੋਂ ਉਸ ਦਾ ਚਾਰ ਸਾਲਾ ਬੇਟਾ, ਉਸ ਦਾ ਪਤੀ ਅਤੇ ਉਸ ਦੇ ਘਰ ਕੰਮ ਕਰਨ ਵਾਲੀ ਔਰਤ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਈ, ਉਸ ਨੇ ਜਦੋਂ ਪਰਿਵਾਰ ਦੀ ਦੇਖ ਭਾਲ ਕਰਨ ਲਈ ਛੁੱਟੀ ਲਈ ਤਾਂ ਐਸਐਮਓ ਮੈਡਮ ਜਸਮੀਤ ਕੌਰ ਬਾਵਾ ਨੇ ਡਿਊਟੀ ਨਾ ਆਉਣ 'ਤੇ ਉਸ ਨਾਲ ਗਲਤ ਵਿਵਹਾਰ ਕੀਤਾ ਅਤੇ ਵਾਰ-ਵਾਰ ਬੇਨਤੀ ਕਰਨ 'ਤੇ ਉਸ ਨੂੰ ਧੱਕੇ ਮਾਰ ਕੇ ਸਿਵਲ ਸਰਜਨ ਦਫਤਰ ਤੋਂ ਬਾਹਰ ਕੱਢਿਆ ਗਿਆ।
ਨਵਦੀਪ ਕੌਰ ਨਾਲ ਕੀਤੇ ਮਾੜੇ ਵਰਤਾਰੇ ਬਾਰੇ ਹੋਰ ਸਟਾਫ ਮੈਬਰਾਂ ਵਿੱਚ ਵੀ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਨਵਦੀਪ ਦੇ ਹੱਕ 'ਚ ਆਈਆਂ ਹੈਲਥ ਵਰਕਰਾਂ ਨੇ ਕਿਹਾ ਕਿ ਇਸ ਨਾਲ ਵਿਭਾਗ ਦੇ ਮੁਲਾਜ਼ਮਾਂ ਦਾ ਹੌਸਲਾ ਟੁੱਟ ਸਕਦਾ ਹੈ ਅਤੇ ਉਹ ਇਸ ਵਰਤਾਰੇ ਦੀ ਨਿਖੇਧੀ ਕਰਦੀਆਂ ਹਨ।