ਕਪੂਰਥਲਾ: ਜਹਿਰੀਲੀ ਸ਼ਰਾਬ ਤ੍ਰਾਸਦੀ ਮਾਮਲੇ ਨੂੰ ਲੈ ਕੇ ਖ਼ੂਬ ਸਿਆਸਤ ਹੋ ਰਹੀ ਹੈ। ਸਿਆਸੀ ਪਾਰਟੀਆਂ ਇੱਕ ਦੂਸਰੇ 'ਤੇ ਆਰੋਪ ਲਗਾ ਰਹੀਆਂ ਹਨ। ਕਾਂਗਰਸ ਦੇ ਯੂਥ ਪ੍ਰਧਾਨ ਬਰਿੰਦਰ ਢਿਲੋ ਵੱਲੋਂ ਅਕਾਲੀ ਦਲ ਦੇ ਕਈ ਲੀਡਰਾਂ ਦੀਆਂ ਜਿਨ੍ਹਾਂ ਵਿੱਚ ਗੁਲਜ਼ਾਰ ਸਿੰਘ ਰਾਣੀਕੇ ਤੇ ਬੀਬੀ ਜਗੀਰ ਕੌਰ ਦੀਆਂ ਫੋਟੋ ਜਹਿਰੀਲੀ ਸ਼ਰਾਬ ਦੀ ਮੁੱਖ ਆਰੋਪੀ ਨਾਲ ਆਉਣ ਤੋਂ ਬਾਅਦ ਅਕਾਲੀ ਦਲ ਦੇ ਜਹਿਰੀਲੀ ਸ਼ਰਾਬ ਦੇ ਸਮਗਲਰਾਂ ਨਾਲ ਸੰਬੰਧਾਂ ਦੇ ਆਰੋਪ ਲਗਾਏ ਸਨ ਜਿਸ 'ਤੇ ਹੁਣ ਬੀਬੀ ਜਗੀਰ ਕੌਰ ਨੇ ਪਲਟਵਾਰ ਕੀਤਾ ਹੈ।
ਬੀਬੀ ਜਗੀਰ ਕੌਰ ਨੇ ਉਨ੍ਹਾਂ 'ਤੇ ਲੱਗੇ ਦੋਸ਼ਾਂ ਬਾਰੇ ਬੋਲਦਿਆਂ ਕਿਹਾ ਕਿ ਉਹ ਫੋਟੋ 2015 ਦੀ ਹੈ ਤੇ ਉਨ੍ਹਾਂ ਦੇ ਇੱਕ ਮਹਿਲਾ ਨੇਤਾ ਹੋਣ ਕਰਕੇ ਔਰਤਾਂ ਆਮ ਹੀ ਉਨ੍ਹਾਂ ਨਾਲ ਫੋਟੋ ਕਰਵਾ ਲੈਂਦੀਆਂ ਹਨ ਤੇ ਫੋਟੋ ਨੂੰ ਮੁੱਦਾ ਨਹੀਂ ਬਣਾਉਣਾ ਚਾਹੀਦਾ। ਬੀਬੀ ਜਗੀਰ ਕੌਰ ਨੇ ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨਾਲ ਉੱਕਤ ਆਰੋਪੀ ਦੀ ਫੋਟੋ ਤੇ ਜ਼ਿਲ੍ਹੇ ਦੇ ਐਸਐਸਪੀ ਨਾਲ ਫੋਟੋ ਦਿਖਾਉਂਦਿਆਂ ਕਿਹਾ ਕਿ 5 ਸਾਲ ਪੁਰਾਣੀ ਫੋਟੋ ਨਾਲੋਂ ਹੁਣ ਵਾਲੀ ਫ਼ੋਟੋ ਬਾਰੇ ਜ਼ਿਆਦਾ ਸਵਾਲ ਖੜੇ ਹੋਣੇ ਚਾਹੀਦੇ ਹਨ ਕਿਉਂਕਿ ਹੁਣ ਵਾਲੀ ਫ਼ੋਟੋ ਜ਼ਿਆਦਾ ਅਹਿਮ ਹੋ ਜਾਂਦੀ ਹੈ। ਅਜਿਹੀਆਂ ਗੱਲਾਂ ਨਾਲ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦਾ ਦਰਦ ਧੋਇਆ ਨਹੀਂ ਜਾ ਸਕਦਾ।