ਕਪੂਰਥਲਾ: ਅਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਅੱਜ ਸ਼ੁੱਕਰਵਾਰ ਨੂੰ ਸੁਲਤਾਨਪੁਰ ਲੋਧੀ ਹਲਕੇ ਦੇ ਪਿੰਡ-ਪਿੰਡ ਦਾ ਦੌਰਾ ਕੀਤਾ। ਇਸ ਦੌਰਾਨ ਹੀ ਅਜ਼ਾਦ ਵਿਧਾਇਕ ਨੇ ਹਲਕੇ ਦੇ ਹਾਲਾਤਾਂ ਬਾਰੇ ਲੋਕਾਂ ਤੋਂ ਪ੍ਰਤੀਕਿਰਿਆ ਲਈ ਤੇ ਹੱਲ ਦਾ ਭਰੋਸਾ ਵੀ ਦਿੱਤਾ। ਇਸ ਦੌਰਾਨ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਅਜ਼ਾਦ ਵਿਧਾਇਕ ਦਾ ਆਪਣੇ ਹਲਕੇ ਵਿੱਚ ਭਰਵਾਂ ਸਵਾਗਤ ਵੀ ਕੀਤਾ।
ਜਿਸ ਦੌਰਾਨ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਅਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਹਰ ਥਾਂ ਕਿਸਾਨਾਂ ਦੀ ਫਸਲ ਤਬਾਹ ਹੁੰਦੀ ਹੈ, ਜੋ ਕਿ ਮਨੇਜਮੈਂਟ ਦੀ ਵੱਡੀ ਗਲਤੀ ਹੈ। ਉਹਨਾਂ ਕਿਹਾ ਕਿ ਜਦ ਬਿਨ੍ਹਾਂ ਕਿਸੇ ਨੂੰ ਦੱਸਿਆ ਹਰੀਕੇ ਹੈੱਡ ਤੋਂ ਲੱਖਾਂ ਕਿਉਂਸਿਕ ਪਾਣੀ ਛੱਡਿਆ ਜਾਂਦਾ ਹੈ ਤਾਂ ਜਿਸ ਕਾਰਨ ਸੁਲਤਾਨਪੁਰ ਲੋਧੀ ਮੰਡ ਖੇਤਰ ਦੇ ਅਲੱਗ-ਅਲੱਗ ਪਿੰਡ ਕਾਫ਼ੀ ਪ੍ਰਭਾਵਿਤ ਹੁੰਦੇ ਹਨ ਅਤੇ ਉਨ੍ਹਾਂ ਦੀਆਂ ਫਸਲਾਂ ਵੀ ਨੁਕਸਾਨੀਆਂ ਜਾਂਦੀਆਂ ਹਨ।
ਅਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਅੱਜ ਸ਼ੁੱਕਰਵਾਰ ਨੂੰ ਮੈਂ ਮੰਡ ਇਲਾਕੇ ਦਾ ਦੌਰਾ ਵੀ ਕੀਤਾ ਹੈ ਅਤੇ ਕਿਸਾਨਾਂ ਨੂੰ ਮੇਰੇ ਵੱਲੋਂ ਪਸ਼ੂਆਂ ਲਈ ਖ਼ਾਦ ਵੀ ਮੁਹੱਈਆਂ ਕਰਵਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਵੀ ਗੱਲ ਹੋਈ ਹੈ, ਉਹ ਵੀ ਇੱਥੇ ਕੈਂਪ ਲਗਾਉਣਗੇ। ਉਨ੍ਹਾਂ ਨੇ ਕਿਹਾ ਕਿ ਮੈਂ ਆਪਣੇ ਹਲਕੇ ਦੇ ਵਾਸੀਆਂ ਨਾਲ ਚੱਟਾਨ ਵਾਂਗ ਖੜਾ ਹਾਂ ਅਤੇ ਮੈਂ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਖ਼ਰਾਬ ਹੋਈ ਫ਼ਸਲ ਦੀ ਗਿਰਦਾਵਰੀ ਕਰਕੇ ਜਲਦ ਤੋਂ ਜਲਦ ਮੁਆਵਜ਼ਾ ਦਿੱਤਾ ਜਾਵੇ।
ਅਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਗਰੀਬ ਵਰਗ ਦੇ ਸਬੰਧਤ ਲੋਕਾਂ ਦੇ ਆਟਾ-ਦਾਲ ਵਾਲੇ ਕਾਰਡ ਬਿਨਾਂ ਕਿਸੇ ਜਾਂਚ ਤੋਂ ਕੱਟੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਗਰੀਬਾਂ ਦੇ ਬਾਰੇ ਸੋਚਣਾ ਚਾਹੀਦਾ ਹੈ ਅਤੇ ਗਰੀਬ ਵਿਅਕਤੀਆਂ ਦੇ ਰਾਸ਼ਨ ਕਾਰਡ ਦੁਬਾਰਾ ਬਣਾਉਣੇ ਚਾਹੀਦੇ ਹਨ। ਇਸ ਮੌਕੇ ਉੱਤੇ ਉਨ੍ਹਾਂ ਨੇ smart city ਅਧੀਨ ਸੁਲਤਾਨਪੁਰ ਲੋਧੀ ਹੋਣ ਵਾਲੇ ਪ੍ਰਾਜੈਕਟਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਜਲਦੀ ਹੀ ਸੁਲਤਾਨਪੁਰ ਲੋਧੀ ਵਿੱਚ ਇੱਕ ਸਪੋਰਟਸ ਸਟੇਡੀਅਮ ਦਾ ਨਿਰਮਾਣ ਵੀ ਸਮਾਰਟ ਸਿਟੀ ਅਧੀਨ ਕੀਤਾ ਜਾਵੇਗਾ।
ਅਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਮੇਰੇ ਵੱਲੋਂ ਜਲਦ ਹੀ ਇੱਕ ਬੱਸ PGI ਲਈ ਸ਼ੁਰੂ ਕੀਤੀ ਜਾਵੇਗੀ। ਜਿਸ ਵਿੱਚ ਜੇਕਰ ਕੋਈ ਵੀ ਵਿਅਕਤੀ ਜ਼ਿਆਦਾ ਬਿਮਾਰ ਹੈ ਤਾਂ ਉਸ ਨੂੰ ਇਲਾਜ ਲਈ ਬੱਸ PGI ਲੈ ਕੇ ਮੁਫ਼ਤ ਜਾਵੇਗੀ। ਉਹਨਾਂ ਕਿਹਾ ਇੱਕ ਬੱਸ ਮੇਰੇ ਵੱਲੋਂ ਪਿੰਡ-ਪਿੰਡ ਚਲਾਈ ਜਾਵੇਗੀ, ਜੋਂ ਕਿ ਸੁਲਤਾਨਪੁਰ ਲੋਧੀ ਹਲਕੇ ਦੇ ਅਲੱਗ-ਅਲੱਗ ਪਿੰਡਾਂ ਵਿੱਚ ਜਾ ਕੇ ਮਰੀਜ਼ਾਂ ਦਾ ਇਲਾਜ ਕਰੇਗੀ, ਜਿਸ ਵਿੱਚ ਡਾਕਟਰੀ ਟੀਮ ਵੀ ਮੌਜੂਦ ਰਹੇਗੀ।