ਜਲੰਧਰ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਾਲ ਦੇ ਅੰਤ ਤੱਕ ਐੱਚ-1ਬੀ ਵੀਜ਼ੇ ਜਾਰੀ ਕਰਨ ’ਤੇ ਰੋਕ ਲਗਾ ਦਿੱਤੀ ਹੈ। ਟਰੰਪ ਨੇ ਕਿਹਾ ਇਹ ਕਦਮ ਉਨ੍ਹਾਂ ਲੱਖਾਂ ਅਮਰੀਕੀਆਂ ਦੀ ਮਦਦ ਲਈ ਜ਼ਰੂਰੀ ਹੈ, ਜਿਨ੍ਹਾਂ ਨੇ ਮੌਜੂਦਾ ਆਰਥਿਕ ਸੰਕਟ ਕਾਰਨ ਨੌਕਰੀਆਂ ਗੁਆ ਦਿੱਤੀਆਂ ਹਨ। ਇਹ ਐਲਾਨ 24 ਜੂਨ ਤੋਂ ਯਾਨਿ ਅੱਜ ਤੋਂ ਲਾਗੂ ਹੋ ਚੁੱਕਿਆ ਹੈ।
ਭਾਰਤੀਆਂ ਲਈ ਮੁਸ਼ਕਲ
ਐੱਚ-1ਬੀ ਵੀਜ਼ੇ ’ਤੇ ਰੋਕ ਲੱਗਣ ਤੋਂ ਬਾਅਦ ਭਾਰਤੀਆਂ ਲਈ ਮੁਸ਼ਕਿਲ ਖੜ੍ਹੀ ਹੋ ਗਈ ਹੈ ਜੋ ਇਸ ਵੀਜ਼ੇ ਜ਼ਰੀਏ ਅਮਰੀਕਾ ਜਾ ਕੇ ਕੰਮ ਕਰਨਾ ਚਾਹੁੰਦੇ ਸਨ, ਇਸ ਦਾ ਅਸਰ ਕਈ ਅਮਰੀਕੀ ਅਤੇ ਭਾਰਤੀ ਕੰਪਨੀਆਂ 'ਤੇ ਵੀ ਪੈ ਸਕਦਾ ਹੈ।
ਇਸ ਸਬੰਧੀ ਈਟੀਵੀ ਭਾਰਤ ਵੱਲੋਂ ਵੀਜ਼ਾ ਮਾਹਿਰ ਅਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ, ਜਿਨ੍ਹਾਂ ਨੇ ਕਿਹਾ ਕਿ ਇਹ ਸਿਰਫ ਟਰੰਪ ਦਾ ਚੋਣ ਸਟੰਟ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵਿੱਚ ਚੋਣਾਂ ਆ ਰਹੀਆਂ ਹਨ ਅਤੇ ਇਸ ਸਮੇਂ ਉਥੇ ਕੋਰੋਨਾ ਕਾਰਨ ਸਥਿਤੀ ਬਹੁਤ ਖ਼ਰਾਬ ਹੈ, ਜਿਸ ਕਾਰਨ ਹੁਣ ਅਮਰੀਕੀ ਸਰਕਾਰ ਉਥੋਂ ਦੇ ਲੋਕਾਂ ਨੂੰ ਨੌਕਰੀਆਂ ਦੇਣ ਲਈ ਇਹ ਸਭ ਕਰ ਰਹੀ ਹੈ। ਉਨ੍ਹਾਂ ਕਿਹਾ ਅਮਰੀਕਾ ਦੀਆਂ ਬਹੁਤ ਸਾਰੀਆਂ ਕੰਪਨੀਆਂ ਵਿੱਚ ਬਹੁਤ ਸਾਰੇ ਭਾਰਤੀ ਲੋਕ ਕੰਮ ਕਰਦੇ ਹਨ ਅਤੇ ਜਿਸ ਅਹੁਦੇ 'ਤੇ ਇਹ ਲੋਕ ਕੰਮ ਕਰਦੇ ਹਨ ਇਨ੍ਹਾਂ ਦੀ ਜਗ੍ਹਾ ਕੋਈ ਹੋਰ ਨਹੀਂ ਲੈ ਸਕਦਾ।
ਅਸਥਾਈ ਪਾਬੰਦੀ
ਇਸ ਦੇ ਨਾਲ ਵੀਜ਼ਾ ਮਾਹਿਰ ਨੇ ਕਿਹਾ ਕਿ ਸਾਡੇ ਦੇਸ਼ ਦੇ ਬਹੁਤ ਸਾਰੇ ਨੌਜਵਾਨ ਅਮਰੀਕੀ ਪੜ੍ਹਨ ਲਈ ਜਾਂਦੇ ਹਨ, ਜੋ ਪੜ੍ਹਾਈ ਤੋਂ ਬਾਅਦ ਇਸ ਵੀਜ਼ਾ ਰਾਹੀਂ ਅਮਰੀਕਾ ਵਿੱਚ ਕੰਮ ਕਰਦੇ ਹਨ। ਉਨ੍ਹਾਂ ਦੇ ਅਨੁਸਾਰ ਭਾਰਤ ਵਿੱਚ ਇਸ ਵੀਜ਼ਾ ਨੂੰ ਲੈ ਕੇ ਜ਼ਿਆਦਾ ਚਿੰਤਾ ਦੀ ਕੋਈ ਗੱਲ ਨਹੀਂ ਹੈ ਕਿਉਂਕਿ ਇਸ ਵੀਜ਼ਾ 'ਤੇ ਸਿਰਫ 31 ਦਸੰਬਰ ਤੱਕ ਹੀ ਪਾਬੰਦੀ ਹੈ।
ਉੱਥੇ ਹੀ ਵੀਜ਼ਾ ਮਾਹਿਰ ਨੇ ਇਹ ਸਲਾਹ ਦਿੱਤੀ ਕਿ ਜਿਨ੍ਹਾਂ ਲੋਕਾਂ ਦਾ ਇਹ ਵੀਜ਼ਾ ਪਹਿਲਾਂ ਤੋਂ ਹੀ ਲੱਗਿਆ ਹੋਇਆ ਹੈ, ਉਨ੍ਹਾਂ ਨੂੰ ਤੁਰੰਤ ਅਮਰੀਕਾ ਜਾਣਾ ਚਾਹੀਦਾ ਹੈ ਕਿਉਂਕਿ ਇਹ ਪਾਬੰਦੀ ਸਿਰਫ ਨਵੀਆਂ ਵੀਜ਼ਾ ਅਰਜ਼ੀਆਂ 'ਤੇ ਹੈ।
ਦੱਸ ਦੇਈਏ ਕਿ ਭਾਰਤ ਦੇ ਬਹੁਤ ਸਾਰੇ ਲੋਕ ਅਮਰੀਕਾ ਜਾਂਦੇ ਹਨ ਅਤੇ ਉਥੇ ਕੰਮ ਕਰਦੇ ਹਨ। ਜੇ ਅਸੀਂ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਇਸ ਵੀਜ਼ੇ ਲਈ 225000 ਲੋਕਾਂ ਨੇ ਅਪਲਾਈ ਕੀਤਾ ਸੀ। ਜਦੋਂਕਿ ਇਸ ਵਾਰ ਅਮਰੀਕਾ ਨੇ ਆਪਣੀ ਵੀਜ਼ਾ ਗਿਣਤੀ 85000 ਤੱਕ ਸੀਮਤ ਕਰ ਦਿੱਤੀ ਹੈ।