ਜਲੰਧਰ: ਦੇਰ ਰਾਤ ਨੂੰ ਕਾਂਗਰਸੀ ਵਰਕਰ ਦੇ ਘਰ ਵਿੱਚ ਅੱਧਾ ਦਰਜਨ ਦੇ ਕਰੀਬ ਅਣਪਛਾਤੇ ਹਥਿਆਰਬੰਦ ਹਮਲਾਵਾਰਾਂ ਵੱਲੋਂ ਗੁੰਡਾਗਰਦੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਹਮਲਾਵਰਾਂ ਨੇ ਕਾਂਗਰਸੀ ਵਰਕਰ ਦੇ ਘਰ 'ਤੇ ਇੱਟਾਂ ਅਤੇ ਬੋਤਲਾਂ ਮਾਰੀਆਂ ਹਨ, ਜਿਸ ਨਾਲ ਘਰ ਦਾ ਪਾਲਤੂ ਕੁੱਤਾ ਅਤੇ ਘਰ ਦਾ ਮਾਲਕ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਇਹ ਸਾਰੀ ਵਾਰਦਾਤ ਉੱਥੇ ਲੱਗੇ ਕੈਮਰੇ ਵਿੱਚ ਕੈਦ ਹੋ ਗਈ ਹੈ। ਸੂਚਨਾ ਮਿਲਣ ਉੱਤੇ ਪਹੁੰਚੀ ਪੁਲਿਸ ਨੇ ਸੀਸੀਟੀਵੀ ਫੁਟੇਜ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਪੀੜਤ ਮੋਹਿਤ ਮੌਲਾ ਨੇ ਕਿਹਾ ਕਿ ਉਨ੍ਹਾਂ ਦੀ ਸਰਾਫ਼ਾ ਬਾਜ਼ਾਰ ਵਿੱਚ ਦੁਕਾਨ ਹੈ ਤੇ ਉਹ ਗੋਲਡ ਦਾ ਕੰਮ ਕਰਦੇ ਹਨ। ਉਨ੍ਹਾਂ ਨੂੰ ਪਿਛਲੇ ਕਈ ਦਿਨਾਂ ਤੋਂ ਇੱਕ ਵਿਅਕਤੀ ਫੋਨ ਕਰਕੇ ਬਹੁਤ ਪਰੇਸ਼ਾਨ ਕਰਦਾ ਸੀ, ਜਿਸ ਦਾ ਨਾਂਅ ਪਵਨ ਹੈ ਤੇ ਉਹ ਸ਼ਿਵਨਗਰ ਦਾ ਵਸਨੀਕ ਹੈ। ਉੁਨ੍ਹਾਂ ਕਿਹਾ ਕਿ ਬੀਤੀ ਰਾਤ ਨੂੰ ਫਿਰ ਪਵਨ ਦਾ ਫੋਨ ਆਇਆ ਤੇ ਉਸ ਨੇ ਮਿਲਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜਦੋਂ ਉਹ ਉਸ ਨੂੰ ਮਿਲਣ ਲਈ ਗਏ ਤਾਂ ਉੱਥੇ ਕਈ ਨੌਜਵਾਨ ਮੌਜੂਦ ਸੀ ਤੇ ਉਹ ਸਾਰੇ ਹੀ ਇੱਕ ਦਮ ਉਨ੍ਹਾਂ ਹੱਥੀਂ ਪੈ ਗਏ। ਝਗੜਾ ਹੋਣ ਉਪਰੰਤ ਆਲੇ-ਦੁਆਲੇ ਦੇ ਲੋਕਾਂ ਨੇ ਉਨ੍ਹਾਂ ਨੂੰ ਛੁਡਾਇਆ।
ਇਸਤੋਂ ਬਾਅਦ ਉਨ੍ਹਾਂ ਹੀ ਵਿਅਕਤੀਆਂ ਨੇ ਉਨ੍ਹਾਂ ਦੇ ਘਰ ਉੱਤੇ ਹਮਲਾ ਕਰ ਦਿੱਤਾ, ਉਨ੍ਹਾਂ ਦੇ ਘਰ ਉੱਤੇ ਇੱਟਾਂ ਅਤੇ ਕੱਚ ਦੀਆਂ ਬੋਤਲਾਂ ਮਾਰੀਆਂ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਨੇ ਉਨ੍ਹਾਂ ਉੱਤੇ ਹਮਲਾ ਕੀਤਾ ਹੈ ਉਹ ਉਸ ਨੂੰ ਨਹੀਂ ਜਾਣਦੇ ਨਾ ਹੀ ਉਨ੍ਹਾਂ ਦੀ ਉਸ ਨਾਲ ਕੋਈ ਝਗੜਾ ਹੈ।
ਡੀਸੀਪੀ ਨੇ ਕਿਹਾ ਕਿ ਸ਼ਿਵਨਗਰ ਦੇ ਰਹਿਣ ਵਾਲੇ ਪਵਨ ਅਤੇ ਮੋਹਿਤ ਮੌਲਾ ਦੇ ਵਿੱਚ ਸਟਰੀਟ ਲਾਈਟਾਂ ਨੂੰ ਲੈ ਕੇ ਵਿਵਾਦ ਹੋਇਆ ਸੀ। ਵਿਵਾਦ ਤੋਂ ਬਾਅਦ ਦੋਨੋਂ ਆਪਣੇ ਘਰ ਚਲੇ ਗਏ। ਰਾਤ 9.00 ਵਜੇ ਦੇ ਕਰੀਬ ਮੋਹਿਤ ਮੱਲਾ ਦੇ ਘਰ ਵਿੱਚ ਇੱਟਾਂ ਅਤੇ ਬੋਤਲਾਂ ਮਾਰੀਆਂ ਗਈਆਂ, ਜਿਸ ਤੋਂ ਬਾਅਦ ਮੋਹਿਤ ਮੌਲਾ ਜ਼ਖ਼ਮੀ ਹੋ ਗਿਆ। ਮੋਹਿਤ ਨੇ ਆਪਣੇ ਐਮਐਲਆਰ ਅਤੇ ਸ਼ਿਕਾਇਤ ਪੁਲਿਸ ਨੂੰ ਦਰਜ ਕਰਵਾ ਦਿੱਤੀ ਹੈ। ਸੀਸੀਟੀਵੀ ਵੀਡੀਓ ਦੇ ਆਧਾਰ 'ਤੇ ਆਰੋਪੀਆਂ ਦੀ ਪਹਿਚਾਣ ਕਰ ਕੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰ ਦਿੱਤਾ ਜਾਵੇਗਾ।