ਜਲੰਧਰ: ਗੁਰਾਇਆ ਦੇ ਨਜਦੀਕੀ ਪਿੰਡ ਪਾਸਲਾ ਵਿਖੇ 2 ਗੁੱਟਾਂ ਦੀ ਲੜਾਈ ਦੀ ਲਪੇਟ 'ਚ ਆ ਜਾਣ ਕਾਰਨ 2 ਪਰਵਾਸੀ ਮਜ਼ਦੂਰਾਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਸੁਸ਼ੀਲ ਕੁਮਾਰ ਪੁੱਤਰ ਸੰਤੋਸ਼ ਮੰਡਲ ਵਾਸੀ ਪਾਸਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਪਾਸਲਾ ਵਿਖੇ ਮੇਲਾ ਚੱਲ ਰਿਹਾ ਸੀ ਕਿ ਅਚਾਨਕ ਗੋਲੀ ਚੱਲਣ ਦੀ ਆਵਾਜ਼ ਆਈ ਜਿਸ ਨਾਲ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।
ਪਿੰਡ ਦੇ ਹੀ 2 ਗਰੁੱਪਾਂ ਦੇ ਵਿਚਕਾਰ ਹੋਏ ਆਪਸੀ ਝਗੜੇ 'ਚ ਗੋਲੀਬਾਰੀ ਦੌਰਾਨ ਇਕ ਚਿੱਟੇ ਰੰਗ ਦੀ ਜਿੰਨ ਕਾਰ ਨੰ. ਪੀਬੀ 09 ਡੀ 5927 ਜਿਸ ਵਿੱਚ ਕੁਝ ਨੌਜਵਾਨ ਸਵਾਰ ਸਨ। ਉਕਤ ਕਾਰ ਸਵਾਰ ਨੌਜਵਾਨਾਂ ਨੇ ਕਾਰ ਨੂੰ ਬੈਕ ਹੀ ਭਜਾਉਣਾ ਸ਼ੁਰੂ ਕਰ ਦਿੱਤਾ ਅਤੇ ਪਿੱਛੋਂ ਆ ਰਹੇ 2 ਪਰਵਾਸੀ ਮਜ਼ਦੂਰਾਂ ਨੂੰ ਦਰੜ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਇਹ ਕਾਰ ਦੌਰਾਨ ਪਰਵਾਸੀ ਨੂੰ ਕਾਫੀ ਦੂਰ ਤੱਕ ਘੜੀਸਦੀ ਹੋਈ ਲੈ ਗਈ, ਜਿਸ ਨਾਲ ਦੋਵਾਂ ਪਰਵਾਸੀ ਮਜ਼ਦੂਰਾਂ ਰਾਜ ਕੁਮਾਰ ਵਾਸੀ ਪਿੰਡ ਪਾਸਲਾ, ਭੋਲਾ ਸ਼ੰਕਰ ਪੁੱਤਰ ਸੁੱਖਲ ਮੰਡਲ ਉਮਰ ਤਕਰੀਬਨ 46 ਸਾਲ ਵਾਸੀ ਪਿੰਡ ਪਾਸਲਾ ਦੀ ਮੌਤ ਹੋ ਗਈ।
ਇਸ ਸਬੰਧੀ ਮੌਕਾ ਵਾਰਦਾਤ ’ਤੇ ਪਹੁੰਚੇ ਐੱਸਐੱਚਓ ਥਾਣਾ ਨੂਰਮਹਿਲ ਹਰਦੀਪ ਸਿੰਘ ਅਤੇ ਡੀਐੱਸਪੀ ਲਖਵਿੰਦਰ ਸਿੰਘ ਮੱਲ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਵਾਰਦਾਤ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।ਓਧਰ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਮੰਗ ਕਰਦੇ ਹੋਏ ਕਿਹਾ ਕਿ ਜਦੋਂ ਤੱਕ ਪਰਚਾ ਦਰਜ ਨਹੀਂ ਕੀਤਾ ਜਾਂਦਾ ਉਦੋਂ ਤੱਕ ਮ੍ਰਿਤਕ ਦੇਹਾਂ ਦੇ ਸਸਕਾਰ ਨਹੀਂ ਕੀਤੇ ਜਾਣਗੇ।
ਇਹ ਵੀ ਪੜ੍ਹੋ: 3 ਲੱਖ ਤੋਂ ਵੱਧ ਨਸ਼ੀਲੇ ਕੈਪਸੂਲਾਂ ਸਮੇਤ 3 ਤਸਕਰ ਗ੍ਰਿਫਤਾਰ