ਜਲੰਧਰ: ਫਿਲੌਰ ਪੁਲਿਸ ਨੇ 1 ਕਿੱਲੋ ਹੈਰੋਇਨ ਸਣੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਨਾਕੇਬੰਦੀ ਕਰਕੇ ਮੁਲਜ਼ਮਾਂ ਨੂੰ ਕਾਬੂ ਕੀਤਾ। ਗ਼ੌਰਤਲਬ ਹੈ ਕਿ ਕੌਮਾਂਤਰੀ ਬਾਜ਼ਾਰ 'ਚ ਇਸ ਹੈਰੋਇਨ ਦੀ ਕੀਮਤ 5 ਕਰੋੜ ਦੱਸੀ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਐਸਐਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਥਾਣਾ ਫਿਲੌਰ ਦੇ ਏਐਸਆਈ ਰਵਿੰਦਰ ਸਿੰਘ ਸਤਲੁਜ ਪੁਲ 'ਤੇ ਮੌਜੂਦ ਸਨ। ਦੱਸਣਯੋਗ ਹੈ ਕਿ ਮੀਰਾਜ ਰਹਿਮਾਨੀ ਨਾਂਅ ਦਾ ਮੁਲਜ਼ਮ ਦਿੱਲੀ ਤੋਂ ਹੈਰੋਇਨ ਲਿਆ ਕੇ ਜਲੰਧਰ ਸਪਲਾਈ ਕਰਨ ਆ ਰਿਹਾ ਸੀ। ਇਸ ਸੂਚਨਾ ਦੇ ਅਧਾਰ 'ਤੇ ਇੰਸਪੈਕਟਰ ਪ੍ਰੇਮ ਸਿੰਘ ਥਾਣਾ ਫਿਲੌਰ ਨੇ ਆਪਣੇ ਸਾਥੀ ਕਰਮਚਾਰੀਆਂ ਨਾਲ ਮਿਲ ਕੇ ਨਾਕੇਬੰਦੀ ਕਰ ਲਈ ਅਤੇ ਵਾਹਨਾਂ ਦੀ ਚੈਕਿੰਗ ਕਰਨ ਲੱਗ ਪਏ। ਪੁਲਿਸ ਨੇ ਸ਼ੱਕ ਹੋਣ 'ਤੇ ਉਕਤ ਨੌਜਵਾਨ ਦੀ ਤਲਾਸ਼ੀ ਲਈ ਤਾਂ ਉਸ ਦੇ ਬੈਗ ਵਿੱਚੋਂ ਇੱਕ ਕਿੱਲੋ ਹੈਰੋਇਨ ਬਰਾਮਦ ਹੋਈ।
ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਦਿੱਲੀ ਦੇ ਰਹਿਣ ਵਾਲੇ ਨਾਈਜੀਰੀਅਨ ਕੋਲੋਂ ਇਹ ਨਸ਼ਾ ਲਿਆ ਕੇ ਵੱਖ-ਵੱਖ ਥਾਂ 'ਤੇ ਸਪਲਾਈ ਕਰਦਾ ਹੈ। ਪੁਲਿਸ ਨੇ ਛਾਪੇਮਾਰੀ ਕਰਕੇ ਉਸ ਨਾਈਜੀਰੀਅਨ ਨੂੰ ਵੀ ਕਾਬੂ ਕਰ ਲਿਆ। ਦੋਵੇਂ ਮੁਲਜ਼ਮਾਂ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।