ਜਲੰਧਰ: ਬੂਟਾ ਮੰਡੀ ਇਲਾਕੇ ਵਿੱਚ ਸਥਿਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਧਾਮ ਦੇ ਬਾਹਰ ਟਰੈਕਟਰ ਟਰਾਲੀ ਚਾਲਕ ਨੇ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਜੋ ਕਿ ਕੁੜੀ ਤੋਂ ਲੁੱਟ-ਖੋਹ ਕਰਕੇ ਭੱਜ ਰਹੇ ਸਨ। ਇਸ ਸਾਰੀ ਘਟਨਾ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ।
ਜਾਣਕਾਰੀ ਮੁਤਾਬਕ ਜਲੰਧਰ ਦੇ ਬੂਟਾ ਮੰਡੀ ਇਲਾਕੇ ਵਿੱਚ ਸ੍ਰੀ ਗੁਰੂ ਰਵਿਦਾਸ ਧਾਮ ਦੇ ਬਾਹਰ ਬਾਈਕ ਸਵਾਰ ਤਿੰਨ ਵਿਅਕਤੀ ਮੰਡੀ ਮੇਨ ਰੋਡ 'ਤੇ ਪੈਦਲ ਆ ਰਹੀ ਇਕ ਕੁੜੀ ਕੋਲੋਂ ਲੁੱਟ-ਖੋਹ ਕਰਕੇ ਭੱਜ ਰਹੇ ਸੀ। ਇਸ ਦੌਰਾਨ ਟਰੈਕਟਰ ਟਰਾਲੀ ਚਾਲਕਾਂ ਨੇ ਇਨ੍ਹਾਂ ਨੂੰ ਰੋਕਿਆ ਜਿਸ ਮਗਰੋਂ ਲੋਕਾਂ ਨੇ ਉਨ੍ਹਾਂ ਦੀ ਜੰਮ ਕੇ ਕੁੱਟ ਮਾਰ ਕੀਤੀ।
ਪੀੜਤਾ ਅਨੂ ਨੇ ਦੱਸਿਆ ਕਿ ਉਹ ਆਪਣੇ ਪਿਤਾ ਦੇ ਨਾਲ ਜਲੰਧਰ ਸ਼ਹਿਰ ਵਿਚ ਆਈ ਸੀ ਅਤੇ ਇਸ ਦੌਰਾਨ ਪਿੱਛੋਂ ਬਾਈਕ ਸਵਾਰ ਤਿੰਨ ਵਿਅਕਤੀਆਂ ਨੇ ਉਨ੍ਹਾਂ ਤੋਂ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਉਹ ਉਸ ਦੇ ਬਾਂਹ ਫੜ੍ਹ ਕੁੱਝ ਮੀਟਰ ਤੱਕ ਉਸ ਨੂੰ ਘਸੀਟ ਕੇ ਲੈ ਗਏ। ਪਿੱਛੋਂ ਆ ਰਹੇ ਟਰੈਕਟਰ ਚਾਲਕ ਨੇ ਕੁੜੀ ਨੂੰ ਉਨ੍ਹਾਂ ਦੀ ਟਰਾਲੀ ਥੱਲੇ ਆਉਣੋਂ ਬਚਾਇਆ ਅਤੇ ਤਿੰਨਾਂ ਚੋਰਾਂ ਨੂੰ ਇਕ ਸਾਈਡ ਲਗਾਉਂਦੇ ਹੋਏ ਟਰਾਲੀ ਦੇ ਸਹਾਰੇ ਰੋਕ ਲਿਆ।
ਥਾਣਾ ਭਾਰਗੋ ਕੈਂਪ ਦੇ ਐਸਐਚਓ ਭਗਵੰਤ ਸਿੰਘ ਭੁੱਲਰ ਨੇ ਦੱਸਿਆ ਕਿ ਅਨੂ ਨੇ ਇਸ ਸਾਰੀ ਘਟਨਾ ਦੀ ਸ਼ਿਕਾਇਤ ਉਨ੍ਹਾਂ ਨੂੰ ਦਰਜ ਕਰਵਾਈ ਹੈ। ਪੁਲਿਸ ਨੇ ਮੌਕੇ 'ਤੇ ਤਿੰਨ ਚੋਰਾਂ ਨੂੰ ਗਿਰਫ਼ਤਾਰ ਕਰ ਲਿਆ। ਤਿੰਨਾਂ ਮੁਲਜ਼ਮਾਂ ਖਿਲਾਫ 379 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।