ਜਲੰਧਰ: ਆਧੁਨਿਕ ਜੁੱਗ ਵਿੱਚ ਪੰਜਾਬੀ ਵਿਰਸੇ ਦਾ ਪੁਰਾਣਾ ਸਮਾਨ ਕਿਤੇ ਨਾ ਕਿਤੇ ਗਾਇਬ ਹੁੰਦਾ ਜਾ ਰਿਹਾ ਹੈ ਪਰ ਇਸ ਦੇ ਦੂਸਰੇ ਪਾਸੇ ਅੱਜ ਵੀ ਕੁਝ ਅਜਿਹੇ ਲੋਕ ਨੇ ਜੋ ਇਸ ਪੰਜਾਬੀ ਵਿਰਸੇ ਨੂੰ ਸੰਭਾਲ ਕੇ ਬੈਠੇ ਹੋਏ ਹਨ। ਫਿਰ ਚਾਹੇ ਗੱਲ ਪੁਰਾਣੀਆਂ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਦੀ ਹੋਵੇ , ਜਾਂ ਫਿਰ ਸੜਕਾਂ ’ਤੇ ਦੌੜਨ ਵਾਲੇ ਗੱਡਿਆਂ ਦੀ ਤੇ ਜਾਂ ਫਿਰ ਪੁਰਾਣੀਆਂ ਪੇਟੀਆਂ, ਸੰਦੂਕਾਂ ਅਤੇ ਮੰਜੇ ਬਿਸਤਰਿਆਂ ਦੀ।
ਇਸ ਸਿੱਖ ਨੇ ਆਪਣੇ ਘਰ ਨੂੰ ਬਣਾਇਆ ਅਜਾਇਬਘਰ: ਅਜਿਹੇ ਹੀ ਇੱਕ ਇਨਸਾਨ ਹਨ ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਤਹਿਸੀਲ ਦੇ ਪਿੰਡ ਖਜੂਰਲਾ ਦੇ ਰਹਿਣ ਵਾਲੇ ਸੁਰਿੰਦਰ ਸਿੰਘ। ਈਟੀਵੀ ਭਾਰਤ ਦੀ ਟੀਮ ਵੱਲੋਂ ਸੁਰਿੰਦਰ ਸਿੰਘ ਨਾਲ ਖਾਸ ਗੱਲਬਾਤ ਕੀਤੀ ਗਈ ਹੈ ਅਤੇ ਇਹ ਜਾਨਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਆਖਿਰ ਉਨ੍ਹਾਂ ਨੇ ਕਿਉਂ ਆਪਣੇ ਘਰ ਵਿੱਚ ਇੱਕ ਮਿਊਜ਼ਿਮ ਦੀ ਤਰ੍ਹਾਂ ਪੁਰਾਣੇ ਸੱਭਿਆਚਾਰ ਨੂੰ ਦਰਸਾਉਂਦੀਆਂ ਚੀਜ਼ਾਂ ਨੂੰ ਸਾਂਭ ਕੇ ਰੱਖਿਆ ਗਿਆ ਹੈ। ਸੁਰਿੰਦਰ ਸਿੰਘ ਪੇਸ਼ੇ ਤੋਂ ਕਿਸਾਨ ਹਨ ਅਤੇ ਇਸ ਦੇ ਨਾਲ-ਨਾਲ ਇੱਕ ਉੱਘੇ ਇਤਿਹਾਸਕਾਰ ਵੀ ਹਨ। ਸੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਦੇ ਵਿਰਸੇ ਨਾਲ ਜੁੜੀਆਂ ਪੁਰਾਣੀਆਂ ਵਸਤੂਆਂ ਅਤੇ ਹੋਰ ਸਾਮਾਨ ਨੂੰ ਇਕੱਠਾ ਕਰ ਯਾਦਾਂ ਦੇ ਰੂਪ ਵਿੱਚ ਸਜਾਉਣਾ ਉਨ੍ਹਾਂ ਦਾ ਸ਼ੌਕ ਹੀ ਨਹੀਂ ਬਲਕਿ ਉਨ੍ਹਾਂ ਦੇ ਖੂਨ ਵਿੱਚ ਹੈ।
ਈਟੀਵੀ ਭਾਰਤ ਦੀ ਟੀਮ ਵੱਲੋਂ ਸੁਰਿੰਦਰ ਸਿੰਘ ਨਾਲ ਖਾਸ ਗੱਲਬਾਤ: ਸੁਰਿੰਦਰ ਸਿੰਘ ਨੇ ਆਪਣੇ ਘਰ ਦਾ ਨਾਮ ਅਜਾਇਬਘਰ ਦੇ ਨਾਮ ’ਤੇ ਰੱਖਿਆ ਹੈ। ਉਨ੍ਹਾਂ ਦੇ ਘਰ ਦੇ ਅੰਦਰ ਉਨ੍ਹਾਂ ਦੇ ਪਰਿਵਾਰ , ਰਿਸ਼ਤੇਦਾਰ , ਪਿੰਡ ਵਾਸੀਆਂ, ਭਾਰਤ ਤੇ ਪੰਜਾਬ ਦੇ ਹੋਰ ਕਈ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਤੋਂ ਹਾਸਲ ਕੀਤੀਆਂ ਗਈਆਂ ਹਰ ਉਹ ਪੁਰਾਣੀਆਂ ਵਸਤੂਆਂ ਹਨ ਜਿੰਨ੍ਹਾਂ ਦਾ ਇਸਤੇਮਾਲ ਪੰਜਾਬ ਵਿੱਚ ਪੰਜਾਬ ਦੀਆਂ ਪੁਰਾਣੀਆਂ ਪੀੜ੍ਹੀਆਂ ਜਾਂ ਕਹਿ ਲਈਏ ਕੇ ਸੁਰਿੰਦਰ ਸਿੰਘ ਉਨ੍ਹਾਂ ਦੇ ਦਾਦੇ, ਪੜਦਾਦਿਆਂ ਦੇ ਪਰਿਵਾਰਾਂ ਵਿੱਚ ਵੀ ਲੋਕ ਕਰਦੇ ਸਨ। ਉਨ੍ਹਾਂ ਦੇ ਆਪਣੇ ਘਰ ਵਿੱਚ ਬਣੇ ਇਸ ਅਜਾਇਬਘਰ ਅੰਦਰ ਉਨ੍ਹਾਂ ਦੇ ਬਜ਼ੁਰਗਾਂ ਦੀਆਂ ਪੁਰਾਣੀਆਂ ਲੱਕੜ ਦੀਆਂ ਅਲਮਾਰੀਆਂ, ਲੱਕੜ ਦੇ ਬਕਸੇ, ਤਾਂਬੇ ਦੇ ਬਣੇ ਕਈ ਪੁਰਾਣੇ ਬਰਤਨ ਅਤੇ ਪੁਰਾਣੇ ਜ਼ਮਾਨੇ ਵਿੱਚ ਇਸਤੇਮਾਲ ਹੋਣ ਵਾਲੇ ਉਸ ਸਮੇਂ ਦੀ ਤਕਨੀਕ ਦੇ ਗੀਜ਼ਰ ਜੋ ਬਿਜਲੀ ਨਾਲ ਨਹੀਂ ਬਲਕਿ ਅੱਗ ਨਾਲ ਚੱਲਦੇ ਸਨ ਉਹ ਵੀ ਮੌਜੂਦ ਹਨ।
ਇੱਕ ਕਿਸਾਨ ਦੀ ਮਿਹਨਤ ਅਤੇ ਵਿਰਸੇ ਨਾਲ ਪਿਆਰ: ਸੁਰਿੰਦਰ ਸਿੰਘ ਇੱਕ ਕਿਸਾਨ ਹਨ ਇਸ ਕਰਕੇ ਉਨ੍ਹਾਂ ਦਾ ਪਿਆਰ ਉਨ੍ਹਾਂ ਸਾਰੀਆਂ ਵਸਤੂਆਂ ਨਾਲ ਵੀ ਬਹੁਤ ਦੇਖਣ ਨੂੰ ਮਿਲਦਾ ਹੈ ਜਿਸ ਦਾ ਸਬੂਤ ਉਨ੍ਹਾਂ ਦੇ ਘਰ ਅੰਦਰ ਬਣੇ ਹੋਏ ਇਸ ਅਜਾਇਬ ਘਰ ਵਿੱਚ ਮੌਜੂਦ ਪੁਰਾਣੇ ਖੂਹ ਵਿੱਚ ਬਲਦਾਂ ਨਾਲ ਚੱਲਣ ਵਾਲੇ ਰਹਟ, ਲੱਕੜੀ ਦੇ ਹਲ, ਖੇਤੀ ਵਿੱਚ ਇਸਤੇਮਾਲ ਹੋਣ ਵਾਲੀਆਂ ਪੁਰਾਣੀਆਂ ਵਸਤੂਆਂ ਦੀਆਂ ਹਨ। ਸੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਕਿਸਾਨੀ ਅੰਦੋਲਨ ਵਿੱਚ ਵੀ ਉਨ੍ਹਾਂ ਆਪਣਾ ਪੂਰਾ ਯੋਗਦਾਨ ਪਾਇਆ ਅਤੇ ਇਸ ਅੰਦੋਲਨ ਦਾ ਇੱਕ ਮੁੱਖ ਹਿੱਸਾ ਰਹੇ। ਉਨ੍ਹਾਂ ਕਿਹਾ ਕਿ ਅੰਦੋਲਨ ਦੀ ਯਾਦ ਅੱਜ ਵੀ ਉਨ੍ਹਾਂ ਦੇ ਦਿਮਾਗ਼ ਅੰਦਰ ਉਨ੍ਹਾਂ ਸਾਰੀਆਂ ਪੁਰਾਣੀਆਂ ਚੀਜ਼ਾਂ ਦੇ ਰੂਪ ਵਿਚ ਮੌਜੂਦ ਹੈ ਜੋ ਅੰਦੋਲਨ ਦੌਰਾਨ ਉਨ੍ਹਾਂ ਵੱਲੋਂ ਇਸਤੇਮਾਲ ਕੀਤੀਆਂ ਗਈਆਂ ਸਨ।
ਕਿਵੇਂ ਸਜਾਇਆ ਗਿਆ ਹੈ ਇਹ ਅਜਾਇਬਘਰ: ਸੁਰਿੰਦਰ ਸਿੰਘ ਦੱਸਦੇ ਹਨ ਕਿ ਉਨ੍ਹਾਂ ਕੋਲ ਉਨ੍ਹਾਂ ਦੇ ਦਾਦੇ ਪੜਦਾਦੇ , ਦਾਦੀ, ਨਾਨੀ ਆਦਿ ਬਜ਼ੁਰਗ ਵੱਲੋਂ ਇਸਤੇਮਾਲ ਕੀਤਾ ਜਾਣ ਵਾਲਾ ਸਾਮਾਨ ਵੀ ਮੌਜੂਦ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਦੇ ਬਹੁਤ ਸਾਰੇ ਬਜ਼ੁਰਗ ਵਿਦੇਸ਼ਾਂ ਵਿੱਚ ਜਾ ਕੇ ਵਸੇ ਹੋਏ ਹਨ ਉਨ੍ਹਾਂ ਸਾਰਿਆਂ ਦੇ ਵਿਚ ਸਭ ਤੋਂ ਪਹਿਲੇ ਉਨ੍ਹਾਂ ਦੇ ਬਜ਼ੁਰਗਾਂ ਵਿੱਚੋਂ ਬਾਬਾ ਬੀਰ ਸਿੰਘ ਸੀ ਜੋ ਸਭ ਤੋਂ ਪਹਿਲੇ ਵਿਦੇਸ਼ ਦੀ ਧਰਤੀ ’ਤੇ ਪੈਰ ਰੱਖਣ ਵਿੱਚ ਕਾਮਯਾਬ ਹੋਏ ਸਨ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਉਨ੍ਹਾਂ ਦੇ ਦਾਦਾ ਜੀ ਜਗਤਾਰ ਸਿੰਘ, ਉਨ੍ਹਾਂ ਦੇ ਛੋਟੇ ਭਰਾ ਨਿਰੰਜਨ ਸਿੰਘ, ਉਨ੍ਹਾਂ ਦੇ ਚਾਚੇ ਤਾਇਆਂ ਵਿੱਚੋਂ ਦਰਸ਼ਨ ਸਿੰਘ ਅਤੇ ਮਹਿੰਦਰ ਸਿੰਘ ਕੈਨੇਡਾ, ਸਿੰਗਾਪੁਰ, ਹਾਂਗਕਾਂਗ, ਅਰਜਨਟੀਨਾ ਅਤੇ ਫਰਾਂਸ ਵਰਗੇ ਦੇਸ਼ਾਂ ਵਿੱਚ ਗਏ ਪਰ ਉਨ੍ਹਾਂ ਦੀਆਂ ਜੜ੍ਹਾਂ ਹਮੇਸ਼ਾ ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀਆਂ ਰਹੀਆਂ।
ਸਿੱਖ ਵਿਰਾਸਤ ਅਤੇ ਇਤਿਹਾਸ ਨਾਲ ਜੁੜੀਆਂ ਚੀਜ਼ਾਂ ਅਤੇ ਲਿਟਰੇਚਰ ਇਸ ਅਜਾਇਬਘਰ ਦਾ ਮੁੱਖ ਹਿੱਸਾ: ਕਿਸਾਨ ਨੇ ਦੱਸਿਆ ਕਿ ਉਨ੍ਹਾਂ ਦੇ ਅਜਾਇਬਘਰ ਵਿੱਚ ਇੱਕ ਲਾਇਬਰੇਰੀ ਵੀ ਮੌਜੂਦ ਹੈ ਜਿੱਥੇ ਪੁਰਾਣੇ ਇਤਿਹਾਸ ਅਤੇ ਪੰਜਾਬੀ ਵਿਰਸੇ ਬਾਰੇ ਹਰ ਜਾਣਕਾਰੀ ਮੌਜੂਦ ਹੈ ਜਿਸ ਵਿੱਚ ਉਨ੍ਹਾਂ ਦੇ ਆਪਣੇ ਪਿੰਡ ਖਜੂਰਲਾ ਦੇ ਕਈ ਪੀੜ੍ਹੀਆਂ ਦੇ ਬਜ਼ੁਰਗਾਂ ਦੀਆਂ ਤਸਵੀਰਾਂ ਅਤੇ ਪਿੰਡ ਦੇ ਇਤਿਹਾਸ ਤੱਕ ਦੀ ਜਾਣਕਾਰੀ ਮੌਜੂਦ ਹੈ।
ਅਜਾਇਬਘਰ ’ਚ ਨੇ ਕਿਹੜੀ ਪੁਰਾਣੀਆਂ ਖਾਸ ਵਸਤੂਆਂ: ਸੁਰਿੰਦਰ ਸਿੰਘ ਹੁਰਾਂ ਦੇ ਘਰ ਵਿੱਚ ਪੰਜਾਬੀ ਸੱਭਿਆਚਾਰ ਨਾਲ ਜੁੜਿਆ ਪੁਰਾਣੇ ਤੋਂ ਪੁਰਾਣਾ ਸਾਮਾਨ ਜਿਸ ਵਿੱਚ ਚਰਖੇ , ਪੁਰਾਣੇ ਚਕਲੇ ਵੇਲਣੇ, ਪੁਰਾਣੀਆਂ ਮਧਾਣੀਆਂ, ਪਿੱਤਲ ਅਤੇ ਕਾਂਸੀ ਦੇ ਘੜੇ ਸਮੇਤ ਹੋਰ ਬਰਤਨ ਮੌਜੂਦ ਹਨ। ਇਸ ਤੋਂ ਇਲਾਵਾ ਉਨ੍ਹਾਂ ਭਾਰਤ ਦੇ ਦਾਦਿਆਂ ਪੜਦਾਦਿਆਂ ਵੱਲੋਂ ਇਸਤੇਮਾਲ ਕੀਤੇ ਜਾਣ ਵਾਲੇ ਮੰਜੇ ,ਅਲਮਾਰੀਆਂ , ਪੁਰਾਣੇ ਰੇਡੀਓ , ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀ ਸ਼ੀਸ਼ੇ ਦੀ ਦੋ ਮੂੰਹਾਂ ਵਾਲੀ ਬੋਤਲ, ਦੇਸੀ ਵਾਸ਼ਬਿਸਨ , ਹਲ , 1925 ਦਾ ਇੱਕ ਲੱਕੜ ਦਾ ਬਣਿਆ ਹੋਇਆ ਗੇਟ , ਪੁਰਾਣੀਆਂ ਲੋਹੇ ਦੀਆਂ ਬਾਲਟੀਆਂ, ਪਾਣੀ ਗਰਮ ਕਰਨ ਵਾਲਾ ਘੜਾ ਜਿਸ ਨੂੰ ਪੁਰਾਣਾ ਗੀਜ਼ਰ ਵੀ ਕਿਹਾ ਜਾਂਦਾ ਦੇ ਨਾਲ ਨਾਲ ਪਿਛਲੇ ਇੱਕ ਸਾਲ ਚੱਲੇ ਕਿਸਾਨੀ ਸੰਘਰਸ਼ ਵਿੱਚ ਉਨ੍ਹਾਂ ਵੱਲੋਂ ਇਸਤੇਮਾਲ ਕੀਤੀਆਂ ਗਈਆਂ ਵਸਤੂਆਂ ਵੀ ਮੌਜੂਦ ਹਨ।
ਸੁਰਿੰਦਰ ਸਿੰਘ ਦੱਸਦੇ ਨੇ ਕਿ ਪੰਜਾਬ ਦਾ ਇਤਿਹਾਸ ਅਤੇ ਪੰਜਾਬੀ ਵਿਰਸਾ ਉਨ੍ਹਾਂ ਦਾ ਕੋਈ ਸ਼ੌਕ ਨਹੀਂ ਬਲਕਿ ਇਹ ਸਭ ਉਨ੍ਹਾਂ ਦੇ ਖ਼ੂਨ ਵਿੱਚ ਹੈ। ਉਨ੍ਹਾਂ ਵੱਲੋਂ ਪੰਜਾਬੀ ਵਿਰਸੇ ਦੀ ਇਸ ਸੰਭਾਲ ਅਤੇ ਆਪਣੇ ਘਰ ਵਿੱਚ ਪੜ੍ਹਾਇਆ ਗਿਆ ਅਜਾਇਬਘਰ ਉਨ੍ਹਾਂ ਸੰਸਥਾਵਾਂ ਲਈ ਇੱਕ ਵੱਡੀ ਮਿਸਾਲ ਹੈ ਜੋ ਦਾਅਵੇ ਤਾਂ ਵੱਡੇ-ਵੱਡੇ ਕਰਦੀਆਂ ਹਨ ਪਰ ਵੱਡੀਆਂ-ਵੱਡੀਆਂ ਸੰਸਥਾਵਾਂ ਹੁੰਦੇ ਹੋਏ ਵੀ ਕਿਤੇ ਨਾ ਕਿਤੇ ਕੋਈ ਕਮੀ ਛੱਡ ਜਾਂਦੀਆਂ ਹਨ।
ਇੰਝ ਪੈਂਦਾ ਹੈ ਪੰਜਾਬੀਅਤ ਦਾ ਝਲਕਾਰਾ: ਉਨ੍ਹਾਂ ਦਾ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਵੱਲ ਇਹ ਪ੍ਰੇਮ ਇਸ ਗੱਲ ਤੋਂ ਸਾਫ਼ ਦਿਖਦਾ ਹੈ ਕਿ ਅੱਜ ਵੀ ਉਨ੍ਹਾਂ ਦਾ ਪਰਿਵਾਰ ਸਾਦੀ ਰਸੋਈ ਵਿੱਚ ਇਕੱਠੇ ਹੋ ਝੁੱਲੇ ’ਤੇ ਖਾਣਾ ਬਣਾ ਕੇ ਸਾਦੇ ਢੰਗ ਨਾਲ ਖਾਂਦਾ ਹੈ ਅਤੇ ਉਨ੍ਹਾਂ ਦੇ ਰਹਿਣ ਸਹਿਣ ਵਿੱਚ ਵੀ ਇਸ ਦੀ ਝਲਕ ਸਾਫ ਨਜ਼ਰ ਆਉਂਦੀ ਹੈ।
ਇਹ ਵੀ ਪੜ੍ਹੋ: ਪ੍ਰੀਆ ਸਕੂਟਰ ਵਾਲੇ 'ਆਪ' MLA ਦਾ ਜਲਵਾ !