ਜਲੰਧਰ: ਪੰਜਾਬ ਦੇ 21 ਥਾਵਾਂ ਨੂੰ ਅੱਤਵਾਦੀ ਸੰਗਠਨ ਵੱਲੋਂ ਬੰਬ ਨਾਲ ਉਡਾਉਣ ਦੀ ਧਮਕੀ ਦੇ ਚਲਦੇ ਜਲੰਧਰ ਪੁਲਿਸ ਵੱਲੋਂ ਸਿੱਧ ਸ਼ਕਤੀਪੀਠ ਸ੍ਰੀ ਦੇਵੀ ਤਲਾਬ ਮੰਦਰ ਅਤੇ ਜਲੰਧਰ ਰੇਲਵੇ ਸਟੇਸ਼ਨ ਨੂੰ ਛਾਉਣੀ ਵਿੱਚ ਬਦਲ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਚਿੱਠੀ ਵਿਚ ਜਲੰਧਰ ਰੇਲਵੇ ਸਟੇਸ਼ਨ ਅਤੇ ਸ੍ਰੀ ਦੇਵੀ ਤਲਾਬ ਮੰਦਰ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਸ ਦੇ ਚੱਲਦੇ ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਨੇ ਖ਼ੁਦ ਸ੍ਰੀਦੇਵੀ ਤਲਾਬ ਮੰਦਰ ਅਤੇ ਰੇਲਵੇ ਸਟੇਸ਼ਨ ਜਾ ਕੇ ਪੂਰੀ ਸੁਰੱਖਿਆ ਦਾ ਜਾਇਜ਼ਾ ਲਿਆ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਨੇ ਕਿਹਾ ਕਿ ਜਲੰਧਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੁਲੀਸ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸੇ ਦੇ ਚੱਲਦੇ ਜਲੰਧਰ ਵਿਖੇ ਪੁਲੀਸ ਸੁਰੱਖਿਆ ਨੂੰ ਕਾਫੀ ਸਖ਼ਤ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਜਲੰਧਰ ਦੇ ਰੇਲਵੇ ਸਟੇਸ਼ਨ ਅਤੇ ਸ੍ਰੀ ਦੇਵੀ ਤਲਾਬ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਬਾਰੇ ਕਿਹਾ ਕਿ ਇਸ ਤਰ੍ਹਾਂ ਦੀਆਂ ਧਮਕੀਆਂ ਆਉਂਦੀਆਂ ਹੀ ਰਹਿੰਦੀਆਂ ਹਨ, ਪਰ ਇਸ ਦੇ ਬਾਵਜੂਦ ਅਸੀਂ ਇਸ ਨੂੰ ਸੱਚ ਮੰਨ ਕੇ ਚੱਲ ਰਹੇ ਹਾਂ।
ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਜਿਸ ਜਲੰਧਰ ਵਿੱਚ ਐੱਸਪੀ ਰੈਂਕ ਦੇ ਅਧਿਕਾਰੀਆਂ ਸਮੇਤ ਪੁਲਿਸ ਪਾਰਟੀਆਂ ਨੂੰ ਵੱਖ ਵੱਖ ਥਾਵਾਂ ਤੇ ਤਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਆਪਣੀ ਡਿਊਟੀ ਪੂਰੀ ਮੁਸ਼ਤੈਦੀ ਨਾਲ ਕਰ ਰਹੀ ਹੈ ਅਤੇ ਜਲੰਧਰ ਵਾਸੀਆਂ ਨੂੰ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ। ਲੋਕਾਂ ਨੂੰ ਜੇ ਕੋਈ ਸ਼ੱਕੀ ਇਨਸਾਨ ਜਾਂ ਕੋਈ ਸ਼ੱਕੀ ਵਸਤੂ ਕਿਤੇ ਮਿਲਦੀ ਹੈ ਤਾਂ ਉਸ ਦੀ ਸੂਚਨਾ ਫੌਰੀ ਪੁਲਿਸ ਨੂੰ ਦੇ ਕੇ ਆਪਣੇ ਚੰਗੇ ਨਾਗਰਿਕ ਹੋਣ ਦਾ ਫਰਜ਼ ਅਦਾ ਕਰਨ।
ਇਹ ਵੀ ਪੜ੍ਹੋ: ਰਿਵਾਲਵਰ ਦੇ ਦਮ ਤੇ ਗੁੰਡਾਗਰਦੀ, ਵਪਾਰੀ ਨਾਲ ਕੀਤੀ ਕੁੱਟਮਾਰ