ਜਲੰਧਰ: ਪੰਜਾਬ ਵਿੱਚ ਸ਼ਰਾਬ ਦੇ ਠੇਕੇ ਖੋਲ੍ਹਣ ਨੂੰ ਲੈ ਕੇ ਉਲਝਣ ਬਣੀ ਹੋਈ ਹੈ। ਇੱਕ ਪਾਸੇ ਜਿੱਥੇ ਸਰਕਾਰ ਨੇ ਠੇਕਿਆਂ ਨੂੰ ਖੋਲ੍ਹਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ, ਉੱਥੇ ਹੀ ਦੂਜੇ ਪਾਸੇ ਸ਼ਰਾਬ ਦੇ ਠੇਕੇਦਾਰ ਆਪਣੀਆਂ ਮੰਗਾਂ ਨੂੰ ਲੈ ਕੇ ਅਜੇ ਵੀ ਅੜੇ ਹੋਏ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨਾਲ ਗੱਲਬਾਤ ਪੂਰੀ ਹੋਣ ਉੱਤੇ ਹੀ ਠੇਕੇ ਖੋਲ੍ਹੇ ਜਾਣਗੇ। ਫਿਲਹਾਲ ਜਦ ਸਰਕਾਰ ਨੇ ਠੇਕਿਆਂ ਨੂੰ ਖੋਲ੍ਹਣ ਦਾ ਨੋਟੀਫਿਕੇਸ਼ਨ ਦਿੱਤਾ ਸੀ ਉਸ ਵੇਲੇ ਹੀ ਸ਼ਰਾਬ ਦੇ ਠੇਕੇਦਾਰਾਂ ਨੇ ਠੇਕੇ ਖੋਲ੍ਹਣ ਦੇ ਆਪਣੇ ਹੋਮ ਵਰਕ ਨੂੰ ਪੂਰਾ ਕਰ ਲਿਆ ਸੀ।
ਇੱਕ ਪਾਸੇ ਸਮਾਜਿਕ ਦੂਰੀ ਨੂੰ ਬਣਾਈ ਰੱਖਣ ਲਈ ਦੂਰ-ਦੂਰ ਤੱਕ ਕੁਝ ਦੂਰੀ ਉੱਤੇ ਗੋਲੇ ਬਣਾਏ ਗਏ ਸੀ ਉੱਥੇ ਹੀ ਦੂਜੇ ਪਾਸੇ ਆਪਣੇ ਸਟਾਫ ਨੂੰ ਕਿਸੇ ਵੀ ਸਮੇਂ ਠੇਕੇ ਖੋਲ੍ਹਣ ਲਈ ਤਿਆਰ ਰਹਿਣ ਲਈ ਕਿਹਾ ਗਿਆ ਸੀ। ਜਾਣਕਾਰੀ ਮੁਤਾਬਕ ਠੇਕੇਦਾਰਾਂ ਦਾ ਕਹਿਣਾ ਹੈ ਕਿ ਜਿਸ ਸਮੇਂ ਵਿੱਚ ਸਰਕਾਰ ਉਨ੍ਹਾਂ ਨੂੰ ਠੇਕੇ ਖੋਲ੍ਹਣ ਦੀ ਇਜਾਜ਼ਤ ਦੇ ਰਹੀ ਹੈ ਉਹ ਸਮਾਂ ਉਨ੍ਹਾਂ ਲਈ ਸਹੀ ਨਹੀਂ ਹੈ। ਇਸ ਦੇ ਨਾਲ ਹੀ ਠੇਕੇਦਾਰਾਂ ਦੀ ਮੰਗ ਹੈ ਕਿ ਪਿਛਲੇ ਡੇਢ ਮਹੀਨੇ ਵਿੱਚ ਜੋ ਉਨ੍ਹਾਂ ਦਾ ਨੁਕਸਾਨ ਹੋਇਆ ਹੈ ਉਸ ਦਾ ਵੀ ਸਰਕਾਰ ਕੋਈ ਹੱਲ ਕੱਢੇ।