ਜਲੰਧਰ: ਦੇਸ਼ ਵਿੱਚ ਕਰਵਾਏ ਗਏ ਸਵੱਛ ਸਰਵੇਖਣ 2020 ਵਿੱਚ ਜਲੰਧਰ ਛਾਉਣੀ ਨੇ ਬਾਜ਼ੀ ਮਾਰੀ ਹੈ। ਦੇਸ਼ ਦੀਆਂ 62 ਛਾਉਣੀਆਂ ਵਿੱਚੋਂ ਜਲੰਧਰ ਨੂੰ ਅੱਜ ਸਵੱਛ ਸਰਵੇਖਣ ਵਿੱਚ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ।
ਜਲੰਧਰ ਛਾਉਣੀ ਨੇ ਪਹਿਲਾ ਸਥਾਨ ਪ੍ਰਾਪਤ ਕਰਨ ਦੇ ਲਈ 3670 ਅੰਕ ਹਾਸਲ ਕੀਤੇ ਜਦਕਿ ਪੰਜਾਬ ਦਾ ਅੰਮ੍ਰਿਤਸਰ ਕੰਟੋਨਮੈਂਟ 22ਵੇਂ ਨੰਬਰ 'ਤੇ ਅਤੇ ਫ਼ਿਰੋਜ਼ਪੁਰ ਛਾਉਣੀ 26ਵੇਂ ਨੰਬਰ ਉੱਤੇ ਆਈਆਂ ਹਨ।
ਸਵੱਛ ਸਰਵੇਖਣ ਵਿੱਚ ਜਲੰਧਰ ਛਾਉਣੀ ਦੇ ਪਹਿਲੇ ਨੰਬਰ ਉੱਤੇ ਆਉਣ ਨਾਲ ਜਲੰਧਰ ਛਾਉਣੀ ਦੇ ਇਲਾਕੇ ਦੇ ਲੋਕ ਬੇਹੱਦ ਖੁਸ਼ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਜਲੰਧਰ ਕੰਟੋਨਮੈਂਟ ਕਮੇਟੀ ਦੇ ਮੈਂਬਰ ਦਾ ਕਹਿਣਾ ਹੈ ਕਿ ਇਸ ਕੰਮ ਦਾ ਪੂਰਾ ਸਿਹਰਾ ਕੰਟੋਨਮੈਂਟ ਵਿੱਚ ਸਫ਼ਾਈ ਕਰਮਚਾਰੀਆਂ ਨੂੰ ਜਾਂਦਾ ਹੈ ਜਿਨ੍ਹਾਂ ਵੱਲੋਂ ਪੂਰੇ ਕੰਟੋਨਮੈਂਟ ਵਿੱਚ ਸਾਫ਼-ਸਫ਼ਾਈ ਦਾ ਪੂਰਾ ਪ੍ਰਬੰਧ ਕੀਤਾ ਜਾਂਦਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਜਲੰਧਰ ਛਾਉਣੀ ਵਿੱਚ ਸਫ਼ਾਈ ਦੇ ਮਾਮਲੇ ਵਿੱਚ ਆਪਣਾ ਹੀ ਮਾਡਲ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਗਿੱਲੇ ਅਤੇ ਸੁੱਕੇ ਕੂੜੇ ਨੂੰ ਅਲੱਗ-ਅਲੱਗ ਤਰੀਕੇ ਨਾਲ ਡਿਸਪੋਜ਼ ਕੀਤਾ ਜਾਂਦਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਜਲੰਧਰ ਛਾਉਣੀ ਦੇ ਪਹਿਲੇ ਨੰਬਰ ਉੱਤੇ ਆਉਣ ਉੱਤੇ ਛਾਉਣੀ ਦੇ ਲੋਕਾਂ ਦਾ ਵੀ ਧੰਨਵਾਦ ਕੀਤਾ ਹੈ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ ਜਿਨ੍ਹਾਂ ਦੇ ਸਹਿਯੋਗ ਨਾਲ ਅੱਜ ਜਲੰਧਰ ਛਾਉਣੀ ਨੂੰ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ।