ਜਲੰਧਰ: ਕਿਸਾਨਾਂ ਵੱਲੋਂ ਗੰਨੇ ਦੀਆਂ ਕੀਮਤਾਂ ਅਤੇ ਗੰਨੇ ਦੀ ਬਕਾਇਆ ਪਈ ਰਾਸ਼ੀ ਨੂੰ ਜਾਰੀ ਕਰਨ ਦੇ ਲਈ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨਾਂ ਦੇ ਇਸ ਧਰਨਾ ਦਾ ਅੱਜ ਦੂਜਾ ਦਿਨ ਹੈ। ਕੱਲ੍ਹ ਸ਼ੁਰੂ ਹੋਏ ਇਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀ ਕਰਦੀ, ਉਦੋਂ ਤੱਕ ਇਹ ਧਰਨਾ ਜਾਰੀ ਰਹੇਗਾ। ਕਿਸਾਨਾਂ ਦੇ ਇਸ ਧਰਨੇ ਵਿੱਚ ਗੁਰੂ ਕੇ ਲੰਗਰ ਵੀ ਅਟੁਟ ਵਰਤ ਰਹੇ ਹਨ।
ਇਸ ਧਰਨੇ ਵਿੱਚ ਪੰਜਾਬ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚੇ ਹਨ। ਧਰਨੇ ਦੌਰਾਨ ਕਿਸਾਨਾਂ ਵੱਲੋਂ ਆਪਣੇ ਰਹੇ ਤੇ ਖਾਣ ਪੀਣ ਦੇ ਪੱਕੇ ਪ੍ਰਬੰਧ ਕੀਤਾ ਗਏ ਹਨ। ਧਰਨੇ ਵਿੱਚ ਸਾਰਾ ਦਿਨ ਚਾਹ ਤੇ ਰੋਟੀ ਦੇ ਲੰਗਰ ਦਾ ਖ਼ਾਸ ਤੌਰ ‘ਤੇ ਪ੍ਰਬੰਧ ਕੀਤਾ ਗਿਆ ਹੈ।
ਇਹੀ ਨਹੀਂ ਕਿਸਾਨਾਂ ਵੱਲੋਂ ਰਾਸ਼ਟਰੀ ਰਾਜ ਮਾਰਗ ਅਤੇ ਰੇਲਵੇ ਟਰੈਕ ਉਪਰ ਟੈਂਟ ਲਗਾ ਦਿੱਤੇ ਗਏ ਹਨ ਤਾਂ ਕਿ ਪ੍ਰਸ਼ਾਸਨ ਅਤੇ ਸਰਕਾਰ ਨੂੰ ਇਹ ਸਾਫ਼ ਹੋ ਜਾਏ, ਕਿ ਜਦੋਂ ਤੱਕ ਕਿਸਾਨਾਂ ਨੂੰ ਇਨਸਾਫ਼ ਨਹੀਂ ਮਿਲਦਾ, ਉਦੋਂ ਤੱਕ ਇਹ ਧਰਨਾ ਜਾਰੀ ਰਹੇਗਾ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਵੱਖ-ਵੱਖ ਸ਼ੂਗਰ ਮਿੱਲਾਂ ਵਿੱਚ ਕਿਸਾਨਾਂ ਦੇ ਕਰੋੜਾਂ ਰੁਪਿਆ ਦੀ ਬਕਾਇਆ ਰਾਸ਼ੀ ਪਈ ਹੈ। ਇਹੀ ਨਹੀਂ ਪੰਜਾਬ ਵਿੱਚ ਗੰਨੇ ਦੀ ਫ਼ਸਲ ਦੀ ਕੀਮਤ 310 ਰੁਪਏ ਹੈ, ਜਦਕਿ ਹਰਿਆਣੇ ਵਿੱਚ ਇਹ ਕੀਮਤ 358 ਰੁਪਏ ਪ੍ਰਤੀ ਕੁਇੰਟਲ ਹੈ।
ਪੰਜਾਬ ਦੇ ਕਿਸਾਨਾਂ ਦੀ ਪਿਛਲੇ ਕਾਫ਼ੀ ਸਮੇਂ ਤੋਂ ਮੰਗ ਹੈ, ਕਿ ਪੰਜਾਬ ਦੇ ਕਿਸਾਨਾਂ ਨੂੰ ਗੰਨੇ ਦੀ ਕੀਮਤ 400 ਪ੍ਰਤੀ ਕੁਇੰਟਲ ਦਿੱਤੀ ਜਾਵੇ। ਇਸ ਦੇ ਨਾਲ ਹੀ ਪੰਜਾਬ ਦੀਆਂ ਵੱਖ-ਵੱਖ ਸ਼ੂਗਰ ਮਿੱਲਾਂ ਵੱਲੋਂ ਕਿਸਾਨਾਂ ਦੀ ਬਕਾਇਆ ਰਾਸ਼ੀ ਤੁਰੰਤ ਜਾਰੀ ਕੀਤਾ ਜਾਵੇ।