ਜਲੰਧਰ: ਜ਼ਿਲ੍ਹੇ ਦੇ ਬੱਸ ਸਟੈਂਡ ਚੌਕੀ ਵਿੱਚ ਦੁਕਾਨਦਾਰ ਐਸੋਸੀਏਸ਼ਨ ਦੇ ਪ੍ਰਧਾਨ ਚੰਦਨ ਮਾਘਾ ਨੂੰ ਗ੍ਰਿਫਤਾਰ ਕੀਤਾ ਗਿਆ। ਮਾਘਾ 'ਤੇ ਬਿਨਾਂ ਮਨਜੂਰੀ ਤੋਂ ਧਰਨਾ ਲਾਉਣ ਦਾ ਦੋਸ਼ ਲਾਇਆ ਸੀ ਜਿਸ ਤਹਿਤ ਉਸ 'ਤੇ ਧਾਰਾ 188 ਤਹਿਤ ਮਾਮਲਾ ਵੀ ਦਰਜ ਕੀਤਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਚੰਦਨ ਮਾਘਾ ਨੇ ਦੋਸ਼ ਲਾਇਆ ਕਿ ਥਾਣਾ ਡਿਵੀਜ਼ਨ-6 ਦੇ ਐਸਐਚਓ ਨੇ ਉਸਦੇ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਲਹੂ-ਲੁਹਾਨ ਕਰ ਦਿੱਤਾ ਹੈ।
ਥਾਣਾ ਡਵੀਜ਼ਨ ਛੇ ਦੇ ਐਸਐਚਓ ਸੁਰਜੀਤ ਸਿੰਘ ਨੇ ਮਾਮਲੇ 'ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਦੁਕਾਨਦਾਰਾਂ ਵੱਲੋਂ ਬਿਨਾਂ ਮਨਜੂਰੀ ਤੋਂ ਧਰਨਾ ਲਾਇਆ ਗਿਆ ਸੀ ਜਿਸ 'ਚ ਕੋਵਿਡ-19 ਸਬੰਧੀ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਕੀਤੀ ਜਾ ਰਹੀ ਸੀ ਜਿਸ ਕਾਰਨ ਪ੍ਰਦਰਸ਼ਨਕਾਰੀਆਂ 'ਤੇ ਧਾਰਾ 188 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਪ੍ਰਦਰਸ਼ਨਕਾਰੀਆਂ 'ਤੇ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਉਣ ਅਤੇ ਮਾਸਕ ਨਾ ਪਾਉਣ ਕਾਰਨ ਵੀ ਮਾਮਲਾ ਦਰਜ ਕੀਤਾ ਗਿਆ ਸੀ। ਸੁਰਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਮਾਮਲਾ ਦਰਜ ਕਰਨ ਤੋਂ ਬਾਅਦ ਉਨ੍ਹਾਂ ਨੂੰ ਜ਼ਮਾਨਤ ਵੀ ਦੇ ਦਿੱਤੀ ਗਈ ਸੀ।
ਦੂਜੇ ਪਾਸੇ ਪ੍ਰਧਾਨ ਚੰਦਨ ਮਾਘਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੋ ਘੰਟੇ ਪਹਿਲਾਂ ਜ਼ਮਾਨਤ ਮਿਲ ਗਈ ਸੀ ਪਰ ਉਨ੍ਹਾਂ ਨੂੰ ਘਰ ਨਹੀਂ ਸੀ ਜਾਣ ਦਿੱਤਾ ਜਾ ਰਿਹਾ। ਉਸ ਨੇ ਐਸਐਚਓ 'ਤੇ ਦੋਸ਼ ਲਾਇਆ ਕਿ ਐਸੈਚਓ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਬਾਅਦ 'ਚ ਖ਼ੁਦ ਹੀ ਪੱਟੀਆਂ ਵੀ ਬੰਨ੍ਹੀਆਂ। ਚੰਦਨ ਮਾਘਾ ਦਾ ਕਹਿਣਾ ਹੈ ਕਿ ਇਹ ਸਭ ਕੁੱਝ ਐਮੈਲਏ ਦੇ ਇਸ਼ਾਰੇ 'ਤੇ ਕੀਤਾ ਗਿਆ ਹੈ ਕਿਉਂਕਿ ਅਸੀਂ ਇੱਕਠੇ ਹੋ ਉਸ ਵਿਰੁੱਧ ਆਵਾਜ਼ ਚੁੱਕ ਰਹੇ ਸਾਂ।
ਐਸਐਚਓ ਸੁਰਜੀਤ ਸਿੰਘ ਨੇ ਚੰਦਨ ਮਾਘਾ ਦੇ ਇਸ ਦੋਸ਼ ਨੂੰ ਪੂਰੀ ਤਰ੍ਹਾਂ ਨਕਾਰਿਆ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਾਰੇ ਦੋਸ਼ ਝੂਠੇ ਹਨ ਅਤੇ ਇਸ ਸਬੰਧੀ ਚੰਦਨ ਦੀ ਜ਼ਮਾਨਤ ਕਰਵਾਉਣ ਆਏ ਲੋਕਾਂ ਤੋਂ ਵੀ ਪੁੱਛਿਆ ਜਾ ਸਕਦਾ ਹੈ। ਸੁਰਜੀਤ ਸਿੰਘ ਨੇ 2 ਘੰਟੇ ਬਠਾਉਣ ਦੇ ਮਸਲੇ 'ਤੇ ਸਫ਼ਾਈ ਦਿੰਦਿਆਂ ਕਿਹਾ ਕਿ ਜ਼ਮਾਨਤ ਸਮੇਂ ਕੁੱਝ ਕਾਗਜ਼ੀ ਕਾਰਵਾਈ ਲਾਜ਼ਮੀ ਹੁੰਦੀ ਹੈ ਜਿਸ ਕਾਰਨ ਉਨ੍ਹਾਂ ਨੂੰ ਬਠਾਇਆ ਗਿਆ ਸੀ ਤਾਂ ਜੋਂ ਇਹ ਕਾਰਵਾਈ ਚੰਗੀ ਤਰ੍ਹਾਂ ਹੋ ਸਕੇ।
ਚੰਦਨ ਮਾਘਾ ਅਤੇ ਉਸ ਦੀ ਐਸੋਸੀਏਸ਼ਨ ਲਗਾਤਾਰ ਐਸਐਚਓ 'ਤੇ ਦੋਸ਼ ਲਾਉਂਦੀ ਨਜ਼ਰ ਆ ਰਹੀ ਹੈ ਅਤੇ ਐਸਐਚਓ ਵਿਰੁੱਧ ਕਾਰਵਾਈ ਦੀ ਮੰਗ ਵੀ ਕਰ ਰਹੀ ਹੈ। ਹੁਣ ਦੇਖਣਾ ਇਹ ਹੋੋਵੇਗਾ ਕਿ ਸਵਾਲਾਂ ਦੇ ਘੇਰੇ 'ਚ ਖੜ੍ਹੀ ਪੁਲਿਸ ਦਾ ਅਗਲਾ ਕਦਮ ਕੀ ਹੋਵੇਗਾ।