ਜਲੰਧਰ: ਸ਼ਹਿਰ ਦੇ ਸੂਰਿਆ ਐਨਕਲੇਵ 'ਚ ਭਾਜਪਾ ਦੀ 'ਦਲਿਤ ਇਨਸਾਫ਼ ਯਾਤਰਾ' ਸ਼ੁਰੂ ਹੋਣ 'ਤੇ ਪੁਲਿਸ ਅਤੇ ਭਾਜਪਾ ਆਗੂਆਂ ਤੇ ਵਰਕਰਾਂ ਵਿਚਾਲੇ ਧੱਕਾ-ਮੁੱਕੀ ਹੋਈ। ਇਸ ਦੌਰਾਨ ਪੁਲਿਸ ਨੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਸਮੇਤ ਸੋਮ ਪ੍ਰਕਾਸ਼, ਵਿਜੇ ਸਾਂਪਲਾ ਅਤੇ ਮਨੋਰੰਜਨ ਕਾਲੀਆ ਨੂੰ ਹਿਰਾਸਤ 'ਚ ਲੈ ਲਿਆ।
ਭਾਜਪਾ ਵੱਲੋਂ ਜਲੰਧਰ ਦੇ ਸੂਰਿਆ ਇਨਕਲੇਵ ਤੋਂ ਭਾਜਪਾ ਦੀ 'ਦਲਿਤ ਇਨਸਾਫ਼ ਯਾਤਰਾ' ਸ਼ੁਰੂ ਕੀਤੀ ਗਈ ਸੀ। ਇਹ ਯਾਤਰਾ ਸੂਰਿਆ ਐਨਕਲੇਵ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਵਿਖੇ ਪਹੁੰਚ ਕੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਣਾ ਸੀ। ਫਿਲਹਾਲ ਜਲੰਧਰ 'ਚ ਪੁਲਿਸ ਨੇ ਇਨਸਾਫ਼ ਯਾਤਰਾ ਦੇ ਕਾਫ਼ਲੇ ਦਾ ਘਿਰਾਓ ਕਰਕੇ ਅਸ਼ਵਨੀ ਸ਼ਰਮਾ ਸਮੇਤ ਭਾਜਪਾ ਦੇ ਹੋਰ ਵੱਡੇ ਆਗੂ ਹਿਰਾਸਤ 'ਚ ਲੈ ਲਿਆ।
ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਕਿਹਾ ਭਾਜਪਾ ਨੇ ਇਸ ਰੈਲੀ ਦੀ ਕੋਈ ਪ੍ਰਵਾਨਗੀ ਨਹੀਂ ਲਈ ਸੀ, ਜਿਸ ਕਰਕੇ ਭਾਜਪਾ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਉੱਥੇ ਹੀ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ 4 ਦਿਨ ਪਹਿਲਾਂ ਪ੍ਰਸ਼ਾਸਨ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਸੀ। ਇਸ ਦੇ ਨਾਲ ਅਸ਼ਵਨੀ ਨੇ ਪ੍ਰਸ਼ਾਸਨ ਤੋਂ ਸਵਾਲ ਪੁੱਛਿਆ ਕਿ ਜਦੋਂ ਲਾਲ ਝੰਡੇ ਵਾਲੇ ਭਾਜਪਾ ਆਗੂਆਂ ਦਾ ਘਿਰਾਓ ਕਰਦੇ ਹਨ ਤਾਂ ਉਹ ਪ੍ਰਵਾਨਗੀ ਲੈਂਦੇ ਹਨ?