ਜਲੰਧਰ: ਸ਼ਹਿਰ ਦੇ ਸਿਵਲ ਹਸਪਤਾਲ ਤੋਂ ਇੱਕ ਕੈਦੀ ਦੇ ਫਰਾਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਕੈਦੀ ਦੇ ਫਰਾਰ ਹੋਣ ਨਾਲ ਪ੍ਰਸ਼ਾਸਨ ਵਿੱਚ ਹੜਕੰਪ ਮੱਚ ਗਿਆ ਤੇ ਪੁਲਿਸ ਉਸ ਕੈਦੀ ਦੀ ਭਾਲ ਵਿੱਚ ਲੱਗੀ ਹੋਈ ਹੈ। ਇਸ ਦੀ ਜਾਣਕਾਰੀ ਐਸਐਚਓ ਸੁਰਜੀਤ ਸਿੰਘ ਨੇ ਦਿੱਤੀ।
ਦੱਸ ਦੇਈਏ ਕਿ ਜਿਹੜਾ ਕੈਦੀ ਫਰਾਰ ਹੋਇਆ ਹੈ ਉਹ ਕੋਰੋਨਾ ਪੌਜ਼ੀਟਿਵ ਸੀ ਜਿਸ ਕਰਕੇ ਉਸ ਨੂੰ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਭਰਤੀ ਸੀ।
ਐਸਐਚਓ ਸੁਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਹਸਪਤਾਲ ਵਿੱਚੋਂ ਕੈਦੀ ਦੇ ਫਰਾਰ ਹੋਣ ਦੀ ਸੂਚਨਾ ਮਿਲੀ ਸੀ। ਫਰਾਰ ਕੈਦੀ ਦਾ ਨਾਂਅ ਸੁਖਬੀਰ ਸਿੰਘ ਉਰਫ ਸਾਬੀ ਹੈ ਤੇ ਉਹ ਨਵਾਂ ਪਿੰਡ ਮਲੀਆਂ ਖੁਰਦ ਦਾ ਰਹਿਣ ਵਾਲਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਉੱਤੇ ਥਾਣੇ ਸਦਰ ਨਕੌਦਰ ਵਿੱਚ ਐਨਡੀਸੀ ਐਕਟ 62/15 ਦੇ ਤਹਿਤ ਮੁਕਦਮਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਸੁਖਬੀਰ ਸਿੰਘ ਨੂੰ 10 ਸਾਲ ਦੀ ਸਜ਼ਾ ਹੋਈ ਸੀ ਤੇ ਉਹ ਕਪੂਰਥਲਾ ਜੇਲ੍ਹ ਵਿੱਚ ਕੈਦ ਸੀ।
ਉਨ੍ਹਾਂ ਨੇ ਕਿਹਾ ਕਿ ਸੁਖਬੀਰ ਸਿੰਘ ਦੀ ਜੇਲ੍ਹ ਵਿੱਚ ਕੋਰੋਨਾ ਪੌਜ਼ੀਟਿਵ ਰਿਪੋਰਟ ਆਉਣ ਮਗਰੋਂ ਸੁਖਬੀਰ ਸਿੰਘ ਨੂੰ ਜਲੰਧਰ ਦੇ ਸਿਵਲ ਹਸਪਤਾਲ ਭਰਤੀ ਕਰਵਾ ਦਿੱਤਾ ਸੀ ਜਿਥੇ ਉਹ ਜੇਰੇ ਇਲਾਜ਼ ਵਿੱਚ ਸੀ ਤੇ ਦਿਹਾਤੀ ਪੁਲਿਸ ਦੀ ਨਜ਼ਰ ਵਿੱਚ ਸੀ। 19 ਅਗਸਤ ਨੂੰ ਸੁਖਬੀਰ ਸਿੰਘ ਪੁਲਿਸ ਤੋਂ ਨਜ਼ਰਾਂ ਤੋਂ ਛੁੱਪ ਕੇ ਫਰਾਰ ਹੋ ਗਿਆ। ਉਨ੍ਹਾਂ ਨੇ ਕਿਹਾ ਉਨ੍ਹਾਂ ਸੁਖਬੀਰ ਸਿੰਘ ਉੱਤੇ 224 ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਤਫਤੀਸ਼ ਕੀਤੀ ਜਾ ਰਹੀ ਹੈ।