ਜਲੰਧਰ: ਜਲੰਧਰ ਦੇ ਕਸਬਾ ਫਿਲੌਰ ਦੀ ਗੁਰਾਇਆ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ, ਜਦੋਂ ਪੁਲਿਸ ਨੇ ਇੱਕ ਮੁਕੱਦਮੇ 'ਚ ਲੋੜੀਂਦਾ ਇਰਾਦਾ ਏ ਕਤਲ ਦੇ ਆਰੋਪੀ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਵਲੋਂ ਪੁੱਛਗਿਛ ਤੋਂ ਬਾਅਦ ਖੁਲਾਸਾ ਹੋਇਆ ਕਿ ਮੁਲਜ਼ਮ ਅੰਤਰ ਰਾਸ਼ਟਰੀ ਨਸ਼ਾ ਤਸਕਰ ਹੈ ਜਿਸ ਨੂੰ ਅਮਰੀਕਾ ਦੀ ਪੁਲਿਸ ਵਲੋਂ ਨਸ਼ਾ ਤਸਕਰੀ ਦੇ ਦੋਸ਼ 'ਚ 17 ਸਾਲ ਦੀ ਸਜ਼ਾ ਦਿੱਤੀ ਗਈ ਸੀ, ਪਰ ਮੌਕਾ ਪਾ ਕੇ ਮੁਲਜ਼ਮ ਉਥੋਂ ਫ਼ਰਾਰ ਹੋ ਕੇ ਭਾਰਤ ਆ ਗਿਆ ਸੀ।
ਕੀ ਹੈ ਮਾਮਲਾ?
ਪੁਲਿਸ ਦਾ ਕਹਿਣਾ ਕਿ ਉਕਤ ਵਿਅਕਤੀ ਸਾਲ 2002 'ਚ ਅਮਰੀਕਾ ਗਿਆ ਸੀ, ਜਿਥੇ ਇਸ ਨੇ ਸ਼ੁਰੂਆਤ ਸਮੇਂ ਟਰੱਕ ਚਲਾਇਆ ਅਤੇ ਫਿਰ ਨਸ਼ਾ ਤਸਕਰੀ ਦਾ ਕੰਮ ਸ਼ੁਰੂ ਕਰ ਦਿੱਤਾ। ਸਾਲ 2007 'ਚ ਐਫ.ਬੀ.ਆਈ ਅਤੇ ਡਰੱਗ ਇੰਨਫੋਰਸਮੈਂਟ ਦੀ ਟੀਮ ਨੇ ਜਦੋਂ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਤਾਂ ਇਸ ਕੋਲ 62 ਕਿਲੋ ਹੈਰੋਇਨ, 39 ਹਜ਼ਾਰ ਨਸ਼ੀਲੀਆਂ ਗੋਲੀਆਂ ਅਤੇ 40 ਹਜ਼ਾਰ ਡਾਲਰ ਬਰਾਮਦ ਕੀਤੇ ਗਏ ਸੀ।
17 ਸਾਲ ਦੀ ਹੋਈ ਸੀ ਸਜ਼ਾ
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਮਰੀਕਾ ਦੀ ਅਦਾਲਤ ਨੇ ਇਸ ਵਿਅਕਤੀ ਨੂੰ 17 ਸਾਲ ਦੀ ਸਜ਼ਾ ਸੁਣਾਈ ਸੀ ਅਤੇ ਸਾਲ 2014 'ਚ ਉਕਤ ਵਿਅਕਤੀ ਕੈਲਫੋਰਨੀਆ ਦੀ ਜੇਲ੍ਹ ਵਿਚੋਂ ਫ਼ਰਾਰ ਹੋ ਗਿਆ ਅਤੇ ਕਿਸੇ ਸਾਥੀ ਨਾਲ ਮਿਲ ਕੇ ਨਕਲੀ ਪਾਸਪੋਰਟ ਬਣਾ ਕੇ ਭਾਰਤ ਆ ਗਿਆ ਸੀ। ਪੁਲਿਸ ਦਾ ਕਹਿਣਾ ਕਿ ਉਕਤ ਵਿਅਕਤੀ ਅੰਤਰ ਰਾਸ਼ਟਰੀ ਅਪਰਾਧੀ ਹੈ, ਜਿਸ ਦੀ ਗ੍ਰਿਫ਼ਤਾਰੀ ਗੁਰਾਇਆ ਪੁਲਿਸ ਦੀ ਵੱਡੀ ਕਾਮਯਾਬੀ ਹੈ।
ਇਹ ਵੀ ਪੜ੍ਹੋ:ਬਿਹਾਰ: ਸੁਪੌਲ 'ਚ ਇੱਕ ਪਰਿਵਾਰ ਦੇ 5 ਜੀਆਂ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ