ਜਲੰਧਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਗਾਤਾਰ ਵਿਸ਼ਵ ਭਰ ਵਿੱਚ ਧਾਰਮਿਕ ਸਮਾਗਮਾਂ ਦੇ ਪ੍ਰਬੰਧ ਕਰਵਾਏ ਜਾ ਰਹੇ ਹਨ। ਇਸੇ ਨੂੰ ਲੈ ਕੇ ਮਾਨਸਾ ਦਾ ਇੱਕ ਨੌਜਵਾਨ ਤੇਜਿੰਦਰ ਸਿੰਘ ਸਾਈਕਲ ਯਾਤਰਾ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਘਰ-ਘਰ ਪਹੁੰਚਣ ਦਾ ਯਾਤਨ ਕਰ ਰਿਹਾ ਹੈ।
ਸ਼ਹਿਰ ਦੀਆਂ ਸੜਕਾਂ ਉੱਤੇ ਆਪਣੇ ਸਾਈਕਲ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦੀ ਤਖ਼ਤੀ ਲਾ ਕੇ ਘੁੰਮ ਰਹੇ ਤਜਿੰਦਰ ਸਿੰਘ ਮਾਨਸਾ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਂਦਾ ਹੈ ਅਤੇ ਅੱਜ ਕੱਲ੍ਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੇ ਮੌਕੇ ਸਾਈਕਲ ਉੱਤੇ ਘੁੰਮ ਘੁੰਮ ਕੇ ਲੋਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਪਹੁੰਚਾ ਰਿਹਾ ਹੈ।
ਅੱਜ ਤੇਜਿੰਦਰ ਸਿੰਘ ਜਦੋਂ ਆਪਣੀ ਸਾਈਕਲ ਯਾਤਰਾ ਦੌਰਾਨ ਜਲੰਧਰ ਪਹੁੰਚਿਆ ਤਾਂ ਸਾਡੀ ਟੀਮ ਨੇ ਉਸ ਨਾਲ ਗੱਲਬਾਤ ਕੀਤੀ।
ਗੱਲਬਾਤ ਦੌਰਾਨ ਤਜਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਇਹ ਸਾਈਕਲ ਯਾਤਰਾ 18 ਅਕਤੂਬਰ ਨੂੰ ਮਾਨਸਾ ਤੋਂ ਸ਼ੁਰੂ ਕੀਤੀ ਸੀ ਅਤੇ ਹੁਣ ਤੱਕ ਉਹ ਚੰਡੀਗੜ੍ਹ ,ਅੰਬਾਲਾ, ਸੋਨੀਪਤ ,ਦਿੱਲੀ ਹੁੰਦਾ ਹੋਇਆ ਲੁਧਿਆਣਾ ਤੋਂ ਅੱਜ ਜਲੰਧਰ ਪੁੱਜਿਆ ਹੈ। ਉਸ ਨੇ ਦੱਸਿਆ ਕਿ ਉਹ ਹੁਣ ਗੁਰਦਾਸਪੁਰ,ਪਠਾਨਕੋਟ, ਹੁਸ਼ਿਆਰਪੁਰ, ਆਨੰਦਪੁਰ ਸਾਹਿਬ ਹੁੰਦੇ ਹੋਏ 10 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਪਹੁੰਚੇਗਾ।
ਤਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਯਾਤਰਾ ਵਿੱਚ ਸਭ ਤੋਂ ਜ਼ਿਆਦਾ ਕੰਮ ਸੋਸ਼ਲ ਮੀਡੀਆ ਆ ਰਿਹਾ ਹੈ ਜਿਸ ਕਰਕੇ ਲੋਕਾਂ ਨੂੰ ਉਸ ਦੀ ਯਾਤਰਾ ਦਾ ਪਤਾ ਲੱਗਦਾ ਹੈ ਅਤੇ ਜਿੱਥੇ ਵੀ ਉਹ ਜਾਂਦਾ ਹੈ ਉਹ ਜਗ੍ਹਾ ਪ੍ਰੋਜੈਕਟਰ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਪਹੁੰਚਾਣ ਦੀ ਪਹਿਲੇ ਤੋਂ ਹੀ ਤਿਆਰੀ ਕਰ ਲਈ ਜਾਂਦੀ ਹੈ।
ਇਹ ਵੀ ਪੜੋ: LIVE: PM ਮੋਦੀ ਦਾ ਸਾਊਦੀ ਅਰਬ ਦੌਰਾ, 12 ਸਮਝੌਤਿਆਂ 'ਤੇ ਹੋ ਸਕਦੇ ਨੇ ਦਸਤਖ਼ਤ
ਇਸ ਤੋਂ ਇਲਾਵਾ ਉਸ ਦੇ ਸਾਈਕਲ ਉੱਪਰ ਇੱਕ ਤਖ਼ਤੀ ਲੱਗੀ ਹੋਈ ਹੈ ਅਤੇ ਉਸ ਕੋਲ ਇੱਕ ਬੈਨਰ ਹੈ ਜਿਸ ਉੱਤੇ ਲਿਖਿਆ ਹੋਇਆ ਹੈ ਕਿ ਕਦੀ ਵੀ ਕਿਸੇ ਨੂੰ ਕਿਸੇ ਦਾ ਹੱਕ ਨਹੀਂ ਮਾਰਨਾ ਚਾਹੀਦਾ। ਸਾਈਕਲ ਚਲਾ ਕੇ ਜਗ੍ਹਾ-ਜਗ੍ਹਾ ਜਾ ਕੇ ਸੰਦੇਸ਼ ਦੇਣ ਬਾਰੇ ਤੇਜਿੰਦਰ ਸਿੰਘ ਨੇ ਦੱਸਿਆ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 'ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ' ਵਾਲੇ ਸੰਦੇਸ਼ ਨੂੰ ਦੁਨੀਆਂ ਵਿੱਚ ਪਹੁੰਚਉਣਾ ਚਾਹੁੰਦੇ ਹਨ ਅਤੇ ਸਾਈਕਲ ਚਲਾਉਣਾ ਉਸ ਦੀ ਸਭ ਤੋਂ ਵੱਡੀ ਉਦਾਹਰਣ ਹੈ।