ਜਲੰਧਰ: ਅੰਮ੍ਰਿਤਸਰ ਦੇ ਦੋ ਹਸਪਤਾਲਾਂ ਵਿਚ ਆਕਸੀਜਨ ਦੀ ਕਮੀ ਆ ਗਈ ਸੀ ਜਿਸ ਨਾਲ ਮਰੀਜ਼ਾਂ ਦੀ ਜਾਨ ਖਤਰੇ ਵਿੱਚ ਪੈ ਗਈ ਸੀ ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਏ ਡੀ ਸੀ ਹਿਮਾਂਸ਼ੂ ਅੱਗਰਵਾਲ ਨੇ ਤੁਰੰਤ ਚੰਡੀਗੜ੍ਹ ਵਿਖੇ ਮੌਜੂਦ ਆਕਸੀਜਨ ਕੰਟਰੋਲ ਰੂਮ ਨੂੰ ਫੋਨ ਕੀਤਾ ਜਿਸ ਤੋਂ ਬਾਅਦ ਚੰਡੀਗੜ੍ਹ ਕੰਟਰੋਲ ਰੂਮ ਨੇ ਉਨ੍ਹਾਂ ਨੂੰ ਹੁਸ਼ਿਆਰਪੁਰ ਵਿਖੇ ਗੱਲ ਕਰਨ ਲਈ ਕਿਹਾ ਜਦੋਂ ਹਿਮਾਂਸ਼ੂ ਅਗਰਵਾਲ ਨੇ ਹੁਸ਼ਿਆਰਪੁਰ ਗੱਲ ਕੀਤੀ ਤਾਂ ਉੱਥੇ ਆਕਸੀਜਨ ਦਾ ਇੰਤਜ਼ਾਮ ਤਾਂ ਸੀ ਲੇਕਿਨ ਟੈਂਕ ਦੇ ਵਿੱਚੋਂ ਟੈਂਕਰ ਵਿਚ ਸ਼ਿਫਟ ਕਰਨ ਲਈ ਕੋਈ ਐਕਸਪਰਟ ਮੌਜੂਦ ਨਹੀਂ ਸੀ ।
ਜਿਸਦੇ ਚੱਲਦੇ ਹਿਮਾਂਸ਼ੂ ਅਗਰਵਾਲ ਨੇ ਇਸ ਗੱਲ ਦੀ ਜਾਣਕਾਰੀ ਤੁਰੰਤ ਚੰਡੀਗੜ੍ਹ ਵਿਖੇ ਕੰਟਰੋਲ ਰੂਮ ਨੂੰ ਦਿੱਤੀ। ਚੰਡੀਗੜ੍ਹ ਕੰਟਰੋਲ ਰੂਮ ਨੇ ਤੁਰੰਤ ਜਲੰਧਰ ਦੇ ਏਡੀਸੀ ਵਿਸੇਸ਼ ਸਾਰੰਗਲ ਨਾਲ ਗੱਲ ਕੀਤੀ ਅਤੇ ਕਿਹਾ ਗਿਆ ਕਿ ਜਲਦ ਤੋਂ ਜਲਦ ਇਕ ਐਕਸਪਰਟ ਲੱਭਿਆ ਜਾਵੇ ਜੋ ਟੈਂਕ ਤੋਂ ਟੈਂਕਰ ਵਿਚ ਆਕਸੀਜਨ ਸ਼ਿਫਟ ਕਰ ਸਕਦਾ ਹੋਵੇ। ਫਿਰ ਕੀ ਸੀ ਅੰਮ੍ਰਿਤਸਰ, ਹੁਸ਼ਿਆਰਪੁਰ, ਚੰਡੀਗੜ੍ਹ ਦੇ ਨਾਲ ਨਾਲ ਜਲੰਧਰ ਦੇ ਅਫ਼ਸਰ ਵੀ ਇਸ ਕੰਮ ਵਿੱਚ ਲੱਗ ਗਏ ।
ਜਲੰਧਰ ਦੇ ਏਡੀਸੀ ਵਿਸ਼ੇਸ਼ ਸਾਰੰਗਲ ਨੇ ਤਰੁੰਤ ਜਲੰਧਰ ਦੇ ਐੱਸਡੀਐੱਮ ਜੈ ਇੰਦਰ ਸਿੰਘ ਅਤੇ ਡੀ ਆਈ ਸੀ ਦੇ ਜੀਐਮ ਗਗਨਦੀਪ ਸਿੰਘ ਨਾਲ ਸੰਪਰਕ ਕੀਤਾ। ਇਸ ਭੱਜ ਨੱਠ ਨਾਲ ਉਨ੍ਹਾਂ ਨੂੰ ਇਹ ਪਤਾ ਲੱਗਾ ਕਿ ਆਕਸੀਜਨ ਨੂੰ ਸ਼ਿਫਟ ਕਰਨ ਵਾਲਾ ਐਕਸਪਰਟ ਤਾਂ ਮੌਜੂਦ ਹੈ ਲੇਕਿਨ ਉਸ ਦਾ ਘਰ ਕਿਸੇ ਨੂੰ ਪਤਾ ਨਹੀਂ । ਫਿਰ ਕੀ ਸੀ ਫੋਰਨ ਜਲੰਧਰ ਦੀ ਕਮਿਸ਼ਨਰੇਟ ਪੁਲਿਸ ਨਾਲ ਸੰਪਰਕ ਕੀਤਾ ਗਿਆ ਅਤੇ ਪੁਲਿਸ ਦੀ ਡਿਊਟੀ ਲਗਾਈ ਗਈ ਕਿ ਉਹ ਐਕਸਪਰਟ ਦੇ ਘਰ ਦਾ ਪਤਾ ਲਗਾਏ ਅਤੇ ਉਸ ਨੂੰ ਲਿਆਂਦਾ ਜਾਵੇ।
ਇਸ ਤੋਂ ਬਾਅਦ ਜਲੰਧਰ ਦੀ ਪੁਲਿਸ ਫੋਰਨ ਇਸ ਕੰਮ ਵਿਚ ਲੱਗੀ ਅਤੇ ਰਾਤ ਪੌਣੇ ਤਿੰਨ ਵਜੇ ਐਕਸਪਰਟ ਰਛਪਾਲ ਸਿੰਘ ਦਾ ਘਰ ਲੱਭਣ ਵਿੱਚ ਕਾਮਯਾਬ ਹੋ ਗਈ। ਰਛਪਾਲ ਦੇ ਮਿਲਦੇ ਹੀ ਫੌਰਨ ਇੱਕ ਗੱਡੀ ਦਾ ਇੰਤਜ਼ਾਮ ਕੀਤਾ ਗਿਆ ਅਤੇ ਉਸ ਨੂੰ ਹੁਸ਼ਿਆਰਪੁਰ ਭੇਜਿਆ ਗਿਆ। ਜਿਸ ਤੋਂ ਬਾਅਦ ਰਛਪਾਲ ਸਿੰਘ ਨੇ ਆਕਸੀਜਨ ਨੂੰ ਟੈਂਕ ਤੋਂ ਟੈਂਕਰ ਵਿਚ ਸ਼ਿਫਟ ਕੀਤਾ ਅਤੇ ਫੌਰਨ ਪੰਜ ਮੀਟ੍ਰਿਕ ਟਨ ਗੈਸ ਅੰਮ੍ਰਿਤਸਰ ਲਈ ਰਵਾਨਾ ਕੀਤੀ ਗਈ।
ਇਸ ਪੂਰੇ ਆਪ੍ਰੇਸ਼ਨ ਦੀ ਨਿਗਰਾਨੀ ਹੁਸ਼ਿਆਰਪੁਰ ਦੇ ਡੀ ਸੀ ਅਵਨੀਤ ਰਿਆਤ ਅਤੇ ਪੰਜਾਬ ਆਕਸੀਜਨ ਸਪਲਾਈ ਦੇ ਇੰਚਾਰਜ ਸ਼ੌਕਤ ਅਹਿਮਦ ਨੇ ਕੀਤੀ ਅਤੇ ਆਕਸੀਜਨ ਨੂੰ ਅੰਮ੍ਰਿਤਸਰ ਦੇ ਉਨ੍ਹਾਂ ਹਸਪਤਾਲਾਂ ਵਿੱਚ ਪਹੁੰਚਾਉਣ ਤੋਂ ਬਾਅਦ ਹੀ ਸੁਖ ਦਾ ਸਾਹ ਲਿਆ। ਇਸ ਤਰ੍ਹਾਂ ਅੰਮ੍ਰਿਤਸਰ ਵਿੱਚ ਮੌਜੂਦ ਕੋਰੋਨਾ ਦੇ ਮਰੀਜ਼ਾਂ ਨੂੰ ਬਚਾਉਣ ਲਈ ਅੰਮ੍ਰਿਤਸਰ ਹੁਸ਼ਿਆਰਪੁਰ ਜਲੰਧਰ ਅਤੇ ਚੰਡੀਗੜ੍ਹ ਦੇ ਅਫ਼ਸਰਾਂ ਦਾ ਤਾਲਮੇਲ ਅੱਜ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਹਰ ਪਾਸੇ ਇਸ ਦੀ ਵਾਹ ਵਾਹੀ ਹੋ ਰਹੀ ਹੈ।
ਇਹ ਵੀ ਪੜੋ:ਪੀਜੀਆਈ ਵਿੱਚ ਨਾ ਹੋਵੇ ਸਿਹਤ ਸੁਵਿਧਾਵਾਂ ਦੀ ਘਾਟ, ਸੁਨਿਸ਼ਚਿਤ ਕਰਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ: ਹਾਈ ਕੋਰਟ