ਜਲੰਧਰ: ਪੰਜਾਬ ਮੰਡੀ ਬੋਰਡ ਦੇ ਨਵ-ਨਿਯੁਕਤ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਹਾਲ ਹੀ ਵਿਚ ਅਹੁਦਾ ਸੰਭਾਲਿਆ ਸੀ। ਜਿਥੇ ਪੰਜਾਬ ਦੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੀ ਹਾਜ਼ਰੀ ਵਿੱਚ ਪੰਜਾਬ ਮੰਡੀ ਬੋਰਡ ਵਿਖੇ ਆਪਣੇ ਅਹੁਦੇ ਦਾ ਕਾਰਜ ਭਾਰ ਸੰਭਾਲਿਆ। ਇਸ ਮੌਕੇ ਵੱਡੇ ਆਗੂਆਂ ਨੇ ਬਰਸਟ ਨੂੰ ਵਧਾਈ ਦਿੱਤੀ ਸੀ ਅਤੇ ਆਸ ਪ੍ਰਗਟਾਈ ਕਿ ਪੰਜਾਬ ਮੰਡੀ ਬੋਰਡ, ਨਵੇਂ ਚੇਅਰਮੈਨ ਦੀ ਰਹਿਨੁਮਾਈ ਹੇਠ ਨਵੀਆਂ ਉਚਾਈਆਂ ਹਾਸਲ ਕਰੇਗਾ।ਉਨ੍ਹਾਂ ਨਵ-ਨਿਯੁਕਤ ਚੇਅਰਮੈਨ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।
ਇਹ ਵੀ ਪੜ੍ਹੋ: Behbal Kalan Insaaf Morcha: ਬਹਿਬਲ ਇਨਸਾਫ ਮੋਰਚੇ ਦੇ ਸ਼ੁਕਰਾਨਾ ਸਮਾਗਮ 'ਚ ਪਹੁੰਚੇ ਮੰਤਰੀ ਕੁਲਦੀਪ ਧਾਲੀਵਾਲ ਤੇ ਸਪੀਕਰ ਕੁਲਤਾਰ ਸੰਧਵਾਂ
ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ: ਉਥੇ ਹੀ ਬੀਤੇ ਦਿਨ ਜਲੰਧਰ ਵਿਚ ਸਮਾਗਮ ਦੌਰਾਨ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਸੂਬਾ ਸਰਕਾਰ ਦੇ ਗੁਣ ਗਾਉਂਦੇ ਨਜ਼ਰ ਆਏ। ਇਸ ਮੌਕੇ ਓਹਨਾ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇੱਕੋ ਇੱਕ ਉਦੇਸ਼ ਪੰਜਾਬ ਨੂੰ ਤਰੱਕੀ, ਖੁਸ਼ਹਾਲੀ, ਵਿਕਾਸ ਅਤੇ ਭਾਈਚਾਰਕ ਸਾਂਝ ਦੀਆਂ ਮਜ਼ਬੂਤ ਲੀਹਾਂ 'ਤੇ ਪਾਉਣਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੌਰਾਨ ਪੰਜਾਬ ਸਰਕਾਰ ਵੱਲੋਂ ਲਏ ਗਏ ਲੋਕ ਪੱਖੀ ਫੈਸਲਿਆਂ ਦੀ ਸ਼ਲਾਘਾ ਕੀਤੀ ਗਈ ਹੈ ਅਤੇ ਇਨ੍ਹਾਂ ਫੈਸਲਿਆਂ ਕਾਰਨ ਵੱਖ-ਵੱਖ ਪਾਰਟੀਆਂ ਦੇ ਆਗੂ ਅਤੇ ਨੁਮਾਇੰਦੇ ਆਪਣੀਆਂ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ।
ਸਰਕਾਰ ਦੀ ਨੀਅਤ: ਹਲਕਾ ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ ਦੀ ਮੌਜੂਦਗੀ 'ਚ ਲਾਂਬੜਾ ਮੰਡੀ 'ਚ ਇਕ ਸਮਾਗਮ ਦੌਰਾਨ ਕਈ ਸਰਪੰਚਾਂ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਲ ਕਰਨ ਉਪਰੰਤ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਦੋਵੇਂ ਹੱਥਾਂ ਨਾਲ ਲੁੱਟਿਆ ਅਤੇ ਸੂਬੇ 'ਚ ਭ੍ਰਿਸ਼ਟਾਚਾਰ ਅਤੇ ਨਸ਼ਾਖੋਰੀ ਦਾ ਬੋਲਬਾਲਾ ਰਿਹਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨੀਅਤ ਬਹੁਤ ਸਪੱਸ਼ਟ ਹੈ ਅਤੇ ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰਨਾ, ਸਮਾਜਿਕ ਤਾਣੇ-ਬਾਣੇ ਦੀ ਰਾਖੀ, ਅਮਨ-ਕਾਨੂੰਨ ਦੀ ਰਾਖੀ ਅਤੇ ਸੂਬੇ ਦਾ ਸਰਬਪੱਖੀ ਵਿਕਾਸ ਕਰਨਾ ਮੁੱਖ ਤਰਜੀਹਾਂ ਹਨ।
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਪੂਰੀ ਇਮਾਨਦਾਰੀ ਨਾਲ ਲੋਕ ਪੱਖੀ ਫੈਸਲੇ ਲੈ ਕੇ ਲੋੜਵੰਦ ਪਰਿਵਾਰਾਂ ਦੀ ਭਲਾਈ ਲਈ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 85 ਫੀਸਦੀ ਪਰਿਵਾਰਾਂ ਦਾ ਬਿਜਲੀ ਬਿੱਲ ਜ਼ੀਰੋ 'ਤੇ ਆ ਰਿਹਾ ਹੈ ਅਤੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਅਤੇ ਸਿੱਖਿਆ ਮੁਹੱਈਆ ਕਰਵਾਉਣਾ ਪੂਰੀ ਤਰ੍ਹਾਂ ਯਕੀਨੀ ਬਣਾਇਆ ਜਾ ਰਿਹਾ ਹੈ। ਆਮ ਆਦਮੀ ਕਲੀਨਿਕਾਂ ਦੀ ਕਾਰਗੁਜ਼ਾਰੀ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਇੱਕ ਸਾਲ ਦੇ ਅੰਦਰ 500 ਆਮ ਆਦਮੀ ਕਲੀਨਿਕ ਖੋਲ੍ਹਣਾ ਇੱਕ ਵੱਡਾ ਉਪਰਾਲਾ ਹੈ ਅਤੇ ਜੇਕਰ ਸ਼ੁਰੂਆਤੀ ਪੜਾਅ ਵਿੱਚ ਕੋਈ ਕਮੀਆਂ ਰਹਿ ਗਈਆਂ ਹਨ ਤਾਂ ਉਨ੍ਹਾਂ ਨੂੰ ਜਲਦੀ ਠੀਕ ਕਰ ਲਿਆ ਜਾਵੇਗਾ।