ਜਲੰਧਰ: ਪੰਜਾਬ ਦਾ ਕਰਤਾਰਪੁਰ ਨਗਰ ਜਿਥੇ ਪੂਰੀ ਦੁਨੀਆਂ ਵਿਚ ਆਪਣੇ ਬਣਾਏ ਫਰਨੀਚਰ ਲਈ ਜਾਣਿਆ ਜਾਂਦਾ ਹੈ। ਓਥੇ ਹੀ ਇਥੋਂ ਦੀਆਂ ਪਾਲਕੀਆਂ ਪੂਰੀ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿਚ ਬਣੇ ਗੁਰੂਦਵਾਰਿਆਂ ਵਿਚ ਜਾਂਦੀਆਂ ਹਨ। ਪੂਰੀ ਦੁਨੀਆਂ ਵਿਚ ਰਹਿ ਰਹੇ ਪੰਜਾਬੀਆਂ ਨੂੰ ਗੁਰੂਦਵਾਰਿਆਂ ਲਈ ਪਾਲਕੀ ਸਾਹਿਬ, ਸੁਖਾਸਨ ਅਤੇ ਹੋਰ ਸਮਾਨ ਦੀ ਜਦ ਵੀ ਲੋੜ ਪੈਂਦੀ ਹੈ, ਉਹ ਸਿੱਧਾ ਕਰਤਾਰਪੁਰ ਦਾ ਰੁਖ ਕਰਦੇ ਹਨ। ਇਥੇ ਬਣਨ ਵਾਲੀਆਂ ਪਾਲਕੀ ਸਾਹਿਬ ਨੂੰ ਬਾਰੀਕੀ ਨਾਲ ਤਰਾਸ਼ਨ ਦਾ ਕੰਮ ਮੁਸਲਿਮ ਪਰਿਵਾਰ ਕਰਦੇ ਹਨ।
ਇਥੇ ਇਸ ਕੰਮ ਲਈ ਜ਼ਿਆਦਾਤਰ ਮਸ਼ੀਨਾਂ ਦਾ ਇਸਤੇਮਾਲ ਹੁੰਦਾ ਹੈ। ਪਰ ਮਸ਼ੀਨਾਂ ਇਹਨਾਂ ਪਾਲਕੀਆਂ ਨੂੰ ਇਕ ਆਕਾਰ ਤਾਂ ਦੇ ਦਿੰਦਿਆਂ ਨੇ ਪਰ ਇਸਨੂੰ ਬਾਰੀਕੀ ਨਾਲ ਤਰਾਸ਼ਨ ਦਾ ਕੰਮ ਮੁਸਲਿਮ ਨੌਜਵਾਨ ਕਰਦੇ ਹਨ। ਇਹ ਕਾਰੀਗਰ ਇਹਨਾਂ ਪਾਲਕੀਆਂ ਨੂੰ ਆਪਣੇ ਛੋਟੇ ਵੱਡੇ ਔਜ਼ਾਰਾਂ ਨਾਲ ਬਾਰੀਕੀ ਨਾਲ ਇਸ ਤਰ੍ਹਾਂ ਤਰਾਸ਼ਦੇ ਹਨ ਕਿ ਦੇਖਣ ਵਾਲੇ ਦੀ ਇਹਨਾਂ ਤੋਂ ਨਜ਼ਰ ਨਹੀਂ ਹਟਦੀ। ਇਹ ਲੋਕ ਨਾ ਸਿਰਫ ਇਹਨਾਂ ਨੂੰ ਬਾਰੀਕੀ ਨਾਲ ਤਰਾਸ਼ਦੇ ਨੇ ਨਾਲ ਹੀ ਇਹਨਾਂ ਉੱਪਰ ਸੁੰਦਰ ਲਿਖਾਈ ਵੀ ਕਰਦੇ ਹਨ, ਜਿਸ ਵਿਚ ਸੁੰਦਰ ਤੁੱਕਾਂ ਲਿਖਿਆ ਜਾਂਦੀਆਂ ਹਨ।
ਇਹਨਾਂ ਕਾਰੀਗਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਕਰੀਬ 25 ਤੋਂ 30 ਪਰਿਵਾਰ ਪੁਸ਼ਤਾਂ ਤੋਂ ਇਹ ਕੰਮ ਕਰ ਰਹੇ ਹਨ। ਉਹਨਾਂ ਮੁਤਾਬਕ ਇਹਨਾਂ ਪਵਿੱਤਰ ਚੀਜਾਂ ਨੂੰ ਬਣਾਣ ਵਿਚ ਹਿੰਦੂ, ਸਿੱਖ ਅਤੇ ਮੁਸਲਿਮ ਸਭ ਦਾ ਸਹਿਯੋਗ ਹੁੰਦਾ ਹੈ ਪਰ ਇਹਨ੍ਹਾਂ ਨੂੰ ਬਾਰੀਕੀ ਨਾਲ ਸਜਾਉਣ ਦਾ ਕੰਮ ਸਿਰਫ਼ ਮੁਸਲਿਮ ਹੀ ਜਾਣਦੇ ਹਨ।
ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਵਾਸਤੇ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਉਹਨਾਂ ਦੀਆਂ ਤਰਾਸ਼ੀਆਂ ਇਹ ਪਾਲਕੀ ਸਾਹਿਬ ਪੂਰੀ ਦੁਨੀਆਂ ਵਿਚ ਸੁਸ਼ੋਭਿਤ ਹੁੰਦੀਆਂ ਹਨ। ਉਧਰ ਇਹਨਾਂ ਪਾਲਕੀ ਸਾਹਿਬ ਨੂੰ ਬਣਾਣ ਵਾਲੇ ਅਨੁਭਵੀ ਵੀ ਦੱਸਦੇ ਹਨ ਕਈ ਇਹਨਾਂ ਮੁਸਲਿਮ ਕਾਰੀਗਰਾਂ ਦੀਆਂ ਕਈ ਪੀੜੀਆਂ ਇਹੀ ਕੰਮ ਕਰ ਰਹੀਆਂ ਹਨ। ਉਹਨਾਂ ਮੁਤਾਬਕ ਇਹ ਮੁਸਲਿਮ ਪਰਿਵਾਰ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਇਸ ਕੰਮ ਵਿਚ ਪਾ ਦਿੰਦੇ ਹਨ। ਇਹ ਪਰਿਵਾਰ ਆਪਣੇ ਬੱਚਿਆਂ ਨੂੰ ਜਿਆਦਾ ਪੜਾਉਂਦੇ ਲਿਖਾਉਦੇ ਨਹੀਂ। ਇਹ ਬੱਚੇ ਵੱਡੇ ਹੋਕੇ ਸ਼ਾਨਦਾਰ ਕਾਰੀਗਰ ਬਣਦੇ ਹਨ।
ਇਹ ਵੀ ਪੜ੍ਹੋ:ਕਣਕ ਦੇ ਘੱਟ ਝਾੜ ਨੂੰ ਲੈਕੇ ਕਿਸਾਨਾਂ ਦੀ ਸਰਕਾਰ ਨੂੰ ਫਰਿਆਦ