ਜਲੰਧਰ: ਪਿੱਟ ਬੁੱਲ ਕੁੱਤਾ ਕਿਸ ਕਦਰ ਖ਼ਤਰਨਾਕ ਤਰੀਕੇ ਨਾਲ ਕਿਸੇ ਨੂੰ ਵੀ ਆਪਣਾ ਸ਼ਿਕਾਰ ਬਣਾ ਲੈਂਦਾ ਹੈ ਇਸ ਦੀ ਉਦਾਹਰਣ ਜਲੰਧਰ ਦੇ ਪੁਰੀਆ ਮੁਹੱਲੇ ਵਿੱਚ ਵੇਖਣ ਨੂੰ ਮਿਲਿਆ ਹੈ। ਇਸ ਦੀ ਸੀਸੀਟੀਵੀ ਫੁਟੇਜ ਵੀਡੀਓ ਵੀ ਵਾਇਰਲ ਹੋ ਰਹੀ ਹੈ। ਬੁੱਧਵਾਰ ਨੂੰ ਹਸਪਤਾਲ ਵਿੱਚ ਜ਼ੇਰੇ ਇਲਾਜ ਬੱਚੇ ਨੇ ਦੱਸਿਆ ਕਿ ਕਿਸ ਤਰ੍ਹਾਂ ਬੱਚੇ ਨੇ ਆਪਣੀ ਜਾਨ ਉਸ ਕੁੱਤੇ ਤੋਂ ਬਚਾਈ।
12 ਸਾਲ ਦੇ ਲਕਸ਼ ਉੱਪਲ ਨੇ ਦੱਸਿਆ ਕਿ ਜਦੋਂ ਟਿਊਸ਼ਨ ਤੋਂ ਪੜ੍ਹ ਕੇ ਵਾਪਸ ਆ ਰਿਹਾ ਸੀ ਤਾਂ ਉਸ ਨੂੰ ਪਿੱਟ ਬੁੱਲ ਨੇ ਆਪਣਾ ਸ਼ਿਕਾਰ ਬਣਾਇਆ ਅਤੇ ਬੁਰੀ ਤਰ੍ਹਾਂ ਉਸ ਦੀ ਲੱਤ ਆਪਣੇ ਜਬਾੜਿਆਂ ਵਿੱਚ ਜਕੜ ਲਈ। ਸਥਾਨਕ ਲੋਕਾਂ ਨੇ ਅਜਿਹਾ ਵੇਖ ਪਿੱਟ ਬੁੱਲ 'ਤੇ ਡੰਡੇ ਅਤੇ ਇੱਟਾਂ ਨਾਲ ਵਾਰ ਕੀਤੇ, ਪਰ ਕੁੱਤੇ ਨੇ ਆਪਣੇ ਜਬੜੇ ਚੋਂ ਬੱਚੇ ਦੀ ਲੱਤ ਨਹੀਂ ਕੱਢੀ। ਬੱਚੇ ਨੇ ਵੀ ਹਿੰਮਤ ਨਾ ਹਾਰਦੇ ਹੋਏ ਕੁੱਤੇ ਤੋਂ ਆਪਣਾ ਬਚਾਅ ਕੀਤਾ ਅਤੇ ਆਪਣੀ ਲੱਤ ਉਸ ਦੇ ਜਬਾੜੇ ਚੋਂ ਛੁਡਵਾਈ।
ਅਕਸਰ ਪਿੱਟ ਬੁੱਲ ਕੁੱਤੇ ਵੱਲੋਂ ਹਮਲਾ ਕਰਨ ਦੀਆਂ ਕਈ ਘਟਨਾਵਾਂ ਸਾਹਮਣੇ ਆਉਂਦੀਆਂ ਹਨ, ਪਰ ਲੋਕ ਹਾਲੇ ਵੀ ਇਸ ਨੂੰ ਪਾਲਣਾ ਬੰਦ ਨਹੀਂ ਕਰ ਰਹੇ। ਕਈ ਦੇਸ਼ਾਂ ਨੇ ਪਿੱਟ ਬੁੱਲ ਕੁੱਤੇ ਨੂੰ ਪਾਲਣ 'ਤੇ ਪ੍ਰਤੀਬੰਧ ਵੀ ਲਾਇਆ ਹੋਇਆ ਹੈ, ਪਰ ਭਾਰਤ ਦੇਸ਼ ਵਿੱਚ ਹਾਲੇ ਤੱਕ ਇਸ ਕੁੱਤੇ 'ਤੇ ਬੈਨ ਨਹੀਂ ਲਗਾਇਆ ਗਿਆ ਅਤੇ ਲੋਕ ਆਪਣੇ ਸ਼ੌਕ ਲਈ ਅਜਿਹੇ ਕੁੱਤੇ ਪਾਲਦੇ ਹਨ। ਅਜਿਹੇ ਪਾਲੇ ਕੁੱਤਿਆਂ ਦਾ ਬਾਅਦ ਵਿੱਚ ਘਰ ਦਾ ਹੀ ਕੋਈ ਮੈਂਬਰ ਜਾਂ ਬਾਹਰਲਾ ਕੋਈ ਵਿਅਕਤੀ ਸ਼ਿਕਾਰ ਹੋ ਜਾਂਦਾ ਹੈ।
ਕੁਝ ਮਹੀਨੇ ਪਹਿਲਾਂ ਵੀ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਵਿੱਚ ਇੱਕ ਪਾਲਤੂ ਗਾਂ ਨੂੰ ਘਰ ਵਿੱਚ ਰੱਖੇ ਪਿੱਟ ਬੁੱਲ ਕੁੱਤੇ ਨੇ ਉਸ ਦੇ ਮੂੰਹ ਨੂੰ ਆਪਣੇ ਜਬੜੇ ਵਿੱਚ ਜਕੜ ਲਿਆ ਅਤੇ ਲਹੂ ਲੁਹਾਨ ਕਰ ਦਿੱਤਾ ਅਤੇ ਇੱਕ ਬੱਚੇ 'ਤੇ ਵੀ ਹਮਲਾ ਕਰ ਉਸ ਨੂੰ ਬੁਰੀ ਤਰ੍ਹਾਂ ਜਖ਼ਮੀ ਕਰ ਦਿੱਤਾ ਸੀ। ਇਸ ਤੋਂ ਬਾਅਦ ਵੀ ਲੋਕ ਸਬਕ ਨਹੀਂ ਲੈ ਰਹੇ ਅਤੇ ਪ੍ਰਸ਼ਾਸਨ ਵਲੋਂ ਵੀ ਕੋਈ ਸਖ਼ਤ ਕਦਮ ਨਹੀਂ ਚੁੱਕਿਆ ਜਾ ਰਿਹਾ।
ਜਾਂਚ ਅਧਿਕਾਰੀ ਏਐਸਆਈ ਵਿਜੈ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅਜਿਹੇ ਮਾਮਲੇ ਦੀ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ, ਜੇਕਰ ਸ਼ਿਕਾਇਤ ਆਵੇਗੀ ਤਾਂ ਉਸ ਦੇ ਆਧਾਰ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਸ੍ਰੀ ਕਰਤਾਰਪੁਰ ਸਾਹਿਬ ਵਿੱਚ ਸਾਇਕਲ ਚਲਾਉਂਦੇ ਨੌਜਵਾਨਾਂ ਦੀ ਵੀਡੀਓ ਵਾਇਰਲ