ਮੋਗਾ: ਥਾਣਾ ਸਿਟੀ ਦੇ ਅਧੀਨ ਪੈਂਦੇ ਪਿੰਡ ਦੁੱਨੇਕੇ ਵਿਖੇ ਮੰਗਲਵਾਰ ਸਵੇਰ ਨੂੰ ਇੱਕ ਤਲਾਕਸ਼ੁਦਾ ਔਰਤ ਦਾ ਪ੍ਰਵਾਸੀ ਮਜ਼ਦੂਰ ਨੇ ਕਤਲ ਕਰ ਦਿੱਤਾ ਹੈ। ਮ੍ਰਿਤਕ ਔਰਤ ਦਾ ਨਾਂਅ ਅਮਨਦੀਪ ਕੌਰ ਹੈ।
ਮ੍ਰਿਤਕ ਦਾ ਮਾਂ ਕੁਲਦੀਪ ਕੌਰ ਦਾ ਕਹਿਣਾ ਹੈ ਕਿ ਅਮਨਦੀਪ ਕੌਰ ਦਾ ਵਿਆਹ 6 ਸਾਲ ਪਹਿਲਾਂ ਬਲਵੀਰ ਸਿੰਘ ਨਾਲ ਹੋਇਆ ਸੀ। ਇਸ ਤੋਂ ਬਾਅਦ ਵਿੱਚ ਉਨ੍ਹਾਂ ਦਾ ਤਲਾਕ ਹੋ ਗਿਆ, ਜਿਸ ਮਗਰੋਂ ਉਨ੍ਹਾਂ ਦੀ ਧੀ ਉਨ੍ਹਾਂ ਕੋਲ ਪਿੰਡ ਸਿੰਘਾਵਾਲ ਵਿੱਚ ਆ ਕੇ ਰਹਿਣ ਲੱਗ ਗਈ। ਅਮਨਦੀਪ ਕੌਰ ਮੋਗਾ ਵਿਖੇ ਇੱਕ ਸੈਲੂਨ ਉੱਤੇ ਕੰਮ ਕਰਦੀ ਸੀ ਅਤੇ ਰੋਜ਼ਾਨਾ ਹੀ ਪਿੰਡ ਤੋਂ ਮੋਗਾ ਆਉਂਦੀ ਸੀ। ਆਉਣ-ਜਾਣ ਦੀ ਦਿੱਕਤ ਕਾਰਨ ਉਸ ਨੇ ਕੁਝ ਦਿਨ ਪਹਿਲਾਂ ਹੀ ਦੁਨੇਕੇ ਵਿਖੇ ਇੱਕ ਕਮਰਾ ਕਿਰਾਏ ਉੱਤੇ ਲੈ ਲਿਆ। ਕਮਰੇ ਵਿੱਚ ਉਨ੍ਹਾਂ ਦੀ ਧੀ ਇਕੱਲੀ ਰਹਿੰਦੀ ਸੀ ਤੇ ਆਲੇ-ਦੁਆਲੇ ਪ੍ਰਵਾਸੀ ਮਜ਼ਦੂਰ ਤੇ ਕੁਝ ਪੰਜਾਬੀ ਰਹਿੰਦੇ ਸਨ।
ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦੀ ਕੁੜੀ ਦਾ ਕਤਲ ਹੋਇਆ ਉਸ ਵੇਲੇ ਉਹ ਅਮਨਦੀਪ ਦੇ ਘਰ ਵਿੱਚ ਮੌਜੂਦ ਸੀ। ਉਨ੍ਹਾਂ ਕਿਹਾ ਕਿ ਜਦੋਂ ਉਹ ਸਵੇਰੇ 4 ਵਜੇ ਬਾਥਰੂਮ ਜਾਣ ਲਈ ਉੱਠੀ ਤਾਂ ਉਨ੍ਹਾਂ ਦੀ ਕੁੜੀ ਦੇ ਕਮਰੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਵੜ ਗਿਆ ਤੇ ਉਸ ਨਾਲ ਜ਼ਬਰਦਸਤੀ ਕਰਨ ਲੱਗਾ। ਜਦੋਂ ਉਨ੍ਹਾਂ ਦੀ ਧੀ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਨੇ ਅਮਨਦੀਪ ਕੌਰ ਦਾ ਕਤਲ ਕਰ ਦਿੱਤਾ।
ਮੌਕੇ ਪੁੱਜੀ ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਉਨ੍ਹਾਂ ਧੀ ਨੂੰ ਇਨਸਾਫ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਅਮਨਦੀਪ ਦੀ ਇੱਕ ਧੀ ਵੀ ਹੈ ਜੋ ਕਿ ਉਨ੍ਹਾਂ ਦੇ ਨਾਲ ਹੀ ਰਹਿੰਦੀ ਹੈ।
ਐਸਐਚਓ ਜਸਵੰਤ ਸਿੰਘ ਨੇ ਕਿਹਾ ਕਿ ਮੁਲਜ਼ਮ ਪ੍ਰਵਾਸੀ ਮਜ਼ਦੂਰ ਸੰਜੀਤ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਥੇ ਹੀ ਅਮਨਦੀਪ ਕੌਰ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਹੈ। ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।