ਜਲੰਧਰ: ਕੁੱਤੇ ਵੱਲੋਂ ਇਨਸਾਨਾਂ ਨੂੰ ਵੱਢੇ ਜਾਣ ਬਾਰੇ ਤਾਂ ਸੁਣਿਆ ਸੀ ਪਰ ਕੋਈ ਇਨਸਾਨ ਵੀ ਕਿਸੇ ਨੂੰ ਵੱਢ ਸਕਦਾ ਹੈ ਇਸ ਬਾਰੇ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ। ਅਜਿਹਾ ਹੀ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਨੌਜਵਾਨ ਨੇ ਚਾਰ ਲੋਕਾਂ ਨੂੰ ਵੱਢ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਮਾਨਸਿਕ ਤੌਰ ਉੱਤੇ ਠੀਕ ਨਹੀਂ ਹੈ ਅਤੇ ਆਪਣੇ ਘਰੋਂ ਭੱਜਿਆ ਹੋਇਆ ਹੈ। ਉਸ ਨੇ ਬਲਵੰਤ ਨਗਰ ਵਿਖੇ ਚਾਰ ਲੋਕਾਂ ਨੂੰ ਵੱਢਿਆ ਤੇ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ।
ਇਸ ਮਾਮਲੇ ਦੀ ਪੀੜਤਾ ਸ਼ਾਰਦਾ ਨੇ ਦੱਸਿਆ ਕਿ ਉਸਦੇ ਗੁਆਂਢੀਆਂ ਦੇ ਘਰ ਇੱਕ ਨੌਜਵਾਨ ਆਇਆ ਜਿਸ ਨੇ ਉਨ੍ਹਾਂ ਨੂੰ ਵੱਢਿਆ ਤੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਉਸ ਨੌਜਵਾਨ ਨੂੰ ਜਦੋਂ ਅਜਿਹਾ ਕਰਦਾ ਵੇਖਿਆ ਤਾਂ ਉਹ ਉਸ ਨੂੰ ਛੁਡਾਉਣ ਚਲੇ ਗਏ। ਉਸ ਨੌਜਵਾਨ ਨੇ ਗੁਆਂਢੀ ਨੂੰ ਛੱਡ ਕੇ ਉਸ ਦੀ ਮਾਤਾ ਦੇ ਹੱਥ ਨੂੰ ਬੁਰੀ ਤਰ੍ਹਾਂ ਕੱਟ ਲਿਆ।
ਲੋਕਾਂ ਦੀ ਮਦਦ ਨਾਲ ਉਸ ਨੌਜਵਾਨ ਨੂੰ ਫੜ੍ਹ ਕੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਉਸ ਨੂੰ ਫੜ੍ਹ ਕੇ ਜਲੰਧਰ ਦੇ ਸਿਵਲ ਹਸਪਤਾਲ ਲੈ ਗਈ ਹੈ।