ਜਲੰਧਰ: ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਪੰਜਾਬ 'ਚ ਸ਼ਨੀਵਾਰ ਤੇ ਐਤਵਾਰ ਨੂੰ ਲੌਕਡਾਊਨ ਲੱਗਾ ਦਿੱਤਾ ਹੈ। ਜਿਸ ਦੇ ਚੱਲਦੇ ਸਭ ਲੋਕ ਆਪਣੇ ਘਰਾਂ ਵਿੱਚ ਰਹਿ ਰਹੇ ਹਨ ਅਤੇ ਇੱਕ-ਅੱਧਾ ਲੋਕ ਹੀ ਆਪਣੇ ਘਰੋਂ ਬਾਹਰ ਜ਼ਰੂਰੀ ਸਾਮਾਨ ਲੈਣ ਦੇ ਲਈ ਨਿਕਲ ਰਿਹਾ ਹੈ।
ਇਸ 'ਤੇ ਆਮ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਲੌਕਡਾਊਨ ਲੱਗਾ ਦਿੱਤਾ ਹੈ ਪਰ ਆਮ ਲੋਕਾਂ ਦੇ ਲਈ ਕੋਈ ਸਹੂਲਤ ਨਹੀਂ ਦਿੱਤੀ। ਇਸ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਸਰਕਾਰ ਨੂੰ ਆਮ ਲੋਕਾਂ ਦੀ ਚਿੰਤਾ ਨਹੀਂ ਹੈ।
ਇਨ੍ਹਾਂ ਲੋਕਾਂ ਦਾ ਕਹਿਣਾ ਹੈ ਇਸ ਤਰ੍ਹਾਂ ਤਾਂ ਅਸੀਂ ਬਿਮਾਰੀ ਤੋਂ ਨਹੀਂ ਪਰ ਭੁੱਖ ਨਾਲ ਜ਼ਰੂਰ ਮਰ ਜਾਵਾਂਗੇ। ਦੂਜੇ ਪਾਸੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਜਦੋਂ ਕੁਝ ਕੁ ਦਿਨਾਂ 'ਚ ਕੰਮ ਥੋੜ੍ਹਾ ਬਹੁਤ ਚਲਣ ਲੱਗਦਾ ਹੈ ਤਾਂ ਪੰਜਾਬ ਸਰਕਾਰ ਮੁੜ ਤੋਂ ਲੌਕਡਾਊਨ ਲਾ ਦਿੰਦੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਸਾਡੇ ਚੱਲਦੇ ਕੰਮ ਨੂੰ ਬੰਦ ਕਰਵਾ ਦਿੰਦੀ ਹੈ। ਜੇਕਰ ਸਰਕਾਰ ਨੂੰ ਇਦਾਂ ਹੀ ਕਰਨਾ ਹੈ ਤਾਂ ਸਹੂਲਤਾਂ ਦੇ ਨਾਲ-ਨਾਲ ਲੋਕਾਂ ਦੇ ਖਾਤਿਆਂ ਵਿੱਚ ਪੈਸੇ ਦੇਣੇ ਚਾਹੀਦੇ ਹਨ ਤਾਂ ਜੋ ਲੋਕ ਆਪਣੇ ਘਰ ਦਾ ਖਰਚਾ ਕਰ ਸਕਣ।