ਜਲੰਧਰ: ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸ ਦੇ ਮੱਦੇਨਜ਼ਰ ਸਰਕਾਰ ਨੇ ਮੁੜ ਤੋਂ ਸ਼ਨੀਵਾਰ ਤੇ ਐਤਵਾਰ ਨੂੰ ਲੌਕਡਾਊਨ ਦਾ ਐਲਾਨ ਕੀਤਾ ਹੈ। ਬਾਜ਼ਾਰਾਂ ਵਿੱਚ ਭੀੜ ਘਟਾਉਣ ਦੇ ਮੰਤਵ ਨਾਲ ਕੀਤੇ ਗਏ ਲੌਕਡਾਊਨ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ।
ਜਲੰਧਰ 'ਚ ਸ਼ਨੀਵਾਰ ਨੂੰ ਬਾਜ਼ਾਰਾਂ ਵਿੱਚ ਆਮ ਦਿਨਾਂ ਨਾਲੋਂ ਘੱਟ ਭੀੜ ਦਿਖਾਈ ਦਿੱਤੀ। ਸਰਕਾਰ ਦੀਆਂ ਹਿਦਾਇਤਾਂ ਮੁਤਾਬਕ ਆਮ ਦੁਕਾਨਾਂ 5 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ ਅਤੇ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਆਮ ਦਿਨਾਂ ਵਾਂਗੂ 7 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ।
ਇਹ ਵੀ ਪੜ੍ਹੋ: IMA ਪਾਸਿੰਗ ਆਊਟ ਪਰੇਡ: ਇਸ ਵਾਰ ਵੱਖਰੇ ਤਰੀਕੇ ਨਾਲ ਅਫ਼ਸਰ ਬਣੇ ਉਮੀਦਵਾਰ
ਇਸ ਮੌਕੇ ਜਲੰਧਰ ਦੇ ਜੋਤੀ ਚੌਕ 'ਚ ਤਾਇਨਾਤ ਪੁਲਿਸ ਅਧਿਕਾਰੀ ਏਐਸਆਈ ਰਾਮਮੂਰਤੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਮੁਤਾਬਕ ਲੋਕ ਵੀ ਲੌਕਡਾਊਨ ਦਾ ਸਾਥ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਦਿਨਾਂ ਨਾਲੋਂ ਬਾਜ਼ਾਰ ਵਿੱਚ ਭੀੜ ਵੀ ਘੱਟ ਦੇਖਣ ਨੂੰ ਮਿਲ ਰਹੀ ਹੈ ਅਤੇ ਘੱਟ ਗਿਣਤੀ ਵਿੱਚ ਲੋਕ ਘਰਾਂ 'ਚੋਂ ਬਾਹਰ ਨਿੱਕਲ ਰਹੇ ਹਨ।
ਜਾਣਕਾਰੀ ਲਈ ਦੱਸ ਦਈਏ ਕਿ ਪੰਜਾਬ ਵਿੱਚ ਕੋਰੋਨਾ ਦੇ ਮਾਮਲਿਆਂ ਨੂੰ ਵਧਦਾ ਦੇਖ ਕੇ ਪੰਜਾਬ ਸਰਕਾਰ ਨੇ ਵੀਰਵਾਰ ਸ਼ਾਮ ਨੂੰ ਪੰਜਾਬ ਵਿੱਚ ਹਰ ਵੀਕੈਂਡ ਅਤੇ ਸਰਕਾਰੀ ਛੁੱਟੀ ਵਾਲੇ ਦਿਨ ਲੌਕਡਾਊਨ ਦਾ ਐਲਾਨ ਕੀਤਾ ਸੀ।