ਜਲੰਧਰ: ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਦਾ ਕਿਰਾਇਆ ਤਾਂ ਮੁਫ਼ਤ ਕਰ ਦਿੱਤਾ ਗਿਆ ਹੈ ਪਰ ਉਸ ਤੋਂ ਬਾਅਦ ਜੋ ਹਾਲਾਤ ਬੱਸਾਂ ਵਿੱਚ ਦੇਖਣ ਨੂੰ ਮਿਲ ਰਹੇ ਹਨ ਉਹ ਕਿਸੇ ਖਤਰੇ ਦੀ ਘੰਟੀ ਤੋਂ ਘੱਟ ਨਹੀਂ। ਪੰਜਾਬ ਸਰਕਾਰ ਦੀਆਂ ਉਹ ਬੱਸਾਂ ਜਿਹੜੀਆਂ ਅੱਜ ਤੱਕ ਬਿਲਕੁਲ ਖਾਲੀ ਹੀ ਤੁਰੀਆਂ ਫਿਰਦੀਆਂ ਸੀ, ਅੱਜ ਉਹ ਬੱਸਾਂ ਜਦ ਬੱਸ ਸਟੈਂਡ ਉੱਪਰ ਕਾਊਂਟਰ 'ਤੇ ਖੜੀਆਂ ਹੁੰਦੀਆਂ ਹੀ ਬੱਸ ਫੜਨ ਲਈ ਮਹਿਲਾਵਾਂ ਦੀ ਹੋੜ ਲੱਗ ਜਾਂਦੀ ਹੈ।
ਹਾਲਾਤ ਇਹ ਹਨ ਕਿ ਇਸ ਮੌਕੇ ਨਾ ਤਾਂ ਕੋਰੋਨਾ ਦਾ ਡਰ ਲੋਕਾਂ ਨੂੰ ਸਤਾਉਂਦਾ ਹੈ ਨਾ ਹੀ ਬੱਚਿਆਂ ਨੂੰ ਸੱਟ ਲੱਗਣ ਦਾ ਖ਼ਤਰਾ। ਜਲੰਧਰ ਦੇ ਬੱਸ ਸਟੈਂਡ ਦਾ ਵੀ ਕੁਝ ਐਸਾ ਹੀ ਹਾਲ ਹੈ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਨੂੰ ਜਾਣ ਲਈ ਆਉਣ ਵਾਲੀਆਂ ਮਹਿਲਾਵਾਂ ਮੁਫ਼ਤ ਬੱਸ ਦੇ ਸ਼ੌਕ ਵਿੱਚ ਇਸ ਗੱਲ ਦਾ ਖਿਆਲ ਵੀ ਨਹੀਂ ਰੱਖ ਰਹੀਆਂ ਕਿ ਇੰਨੇ ਭੀੜ-ਭੜੱਕੇ ਵਿੱਚ ਸਫ਼ਰ ਕਰਨਾ ਉਨ੍ਹਾਂ ਲਈ ਕਿੰਨਾ ਖਤਰਨਾਕ ਹੋ ਸਕਦਾ ਹੈ।
ਇਸ ਬਾਰੇ ਜਦ ਬੱਸ ਸਟੈਂਡ ਵਿੱਚ ਬੱਸ ਦੀ ਉਡੀਕ ਕਰ ਰਹੀ ਇੱਕ ਮਹਿਲਾ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਸਰਕਾਰ ਨੇ 'ਬੇਟੀ ਬਚਾਓ ਬੇਟੀ ਪੜ੍ਹਾਓ' ਮੁਹਿੰਮ ਚਲਾਈ ਹੈ ਅਤੇ ਹੁਣ ਕਿਰਾਇਆ ਵੀ ਫਰੀ ਕਰ ਦਿੱਤਾ ਹੈ। ਉਸ ਨੇ ਇਹ ਵੀ ਕਿਹਾ ਕਿ ਜਿੱਥੇ ਉਹ ਪਹਿਲਾਂ ਇਕੱਲੀ ਸਫ਼ਰ ਕਰਦੀ ਹੁੰਦੀ ਸੀ ਪਰ ਹੁਣ ਕਿਰਾਇਆ ਫਰੀ ਹੋਣ ਕਰਕੇ ਆਪਣੀਆਂ ਬੇਟੀਆਂ ਨੂੰ ਵੀ ਆਪਣੇ ਨਾਲ ਲੈ ਕੇ ਜਾਂਦੀ ਹੈ।
ਉਧਰ, ਦੂਸਰੇ ਪਾਸੇ ਬੱਸ ਕੰਡਕਟਰਾਂ ਦਾ ਵੀ ਕਹਿਣਾ ਹੈ ਕਿ ਸਰਕਾਰ ਵੱਲੋਂ ਬਸਾਂ ਦਾ ਕਿਰਾਇਆ ਤਾਂ ਮੁਫ਼ਤ ਕਰ ਦਿੱਤਾ ਹੈ ਲੇਕਿਨ ਜੋ ਹਾਲਾਤ ਸਰਕਾਰੀ ਬਸਾਂ ਦੇ ਪਹਿਲਾਂ ਸਨ, ਹੁਣ ਉਸ ਤੋਂ ਵੀ ਮਾੜੇ ਹੋ ਗਏ ਹਨ ਕਿਉਂਕਿ ਪਹਿਲਾਂ ਹੀ ਘਾਟੇ ਵਿੱਚ ਚੱਲ ਰਹੀਆਂ ਸਨ ਅਤੇ ਹੁਣ ਇਹ ਹੋਰ ਘਾਟੇ ਵਿੱਚ ਆ ਜਾਣਗੀਆਂ।