ਜਲੰਧਰ: ਸ਼ਹਿਰ ਵਿੱਚ ਕੁੱਤਿਆਂ ਦਾ ਆਤੰਕ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਅਵਾਰਾ ਕੁੱਤਿਆਂ ਨੇ ਪਹਿਲਾਂ ਬੱਚਿਆਂ ਨੂੰ ਜ਼ਖਮੀ ਕੀਤਾ ਅਤੇ ਹੁਣ ਇੱਕ ਮਹਿਲਾ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਕੁੱਤਿਆਂ ਨੇ ਮਹਿਲਾ ਦੀ ਲੱਤ 'ਤੇ ਦੰਦ ਮਾਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ।
ਕਿਲ੍ਹੇ ਮੁਹੱਲੇ ਵਿੱਚ ਰਾਤ ਵੇਲੇ ਆਵਾਰਾ ਕੁੱਤਿਆਂ ਦੇ ਇੱਕ ਝੁੰਡ ਨੇ ਰਸਤੇ 'ਤੇ ਇਕੱਲੀ ਜਾ ਰਹੀ ਮਹਿਲਾ 'ਤੇ ਅਚਾਨਕ ਹਮਲਾ ਕਰ ਦਿੱਤਾ ਅਤੇ ਉਸ ਨੂੰ ਕਈ ਜਗ੍ਹਾ 'ਤੇ ਕੱਟ ਲਿਆ। ਪੀੜਤ ਮਹਿਲਾ ਅਨੂ ਕਪੂਰ ਅਤੇ ਉਸ ਦੇ ਪਤੀ ਮੋਹਨ ਕਪੂਰ ਨੇ ਦੱਸਿਆ ਕਿ ਕਿਲ੍ਹੇ ਮੁਹੱਲੇ ਦੀ ਗਲੀਆਂ ਵਿੱਚ ਆਵਾਰਾ ਕੁੱਤੇ ਦਾ ਝੁੰਡ ਦਿਨ ਰਾਤ ਘੁੰਮਦਾ ਰਹਿੰਦਾ ਹੈ। ਇਸ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਅਨੂ ਕਪੂਰ ਨੇ ਦੱਸਿਆ ਕਿ ਕੱਲ੍ਹ ਰਾਤ ਅਚਾਨਕ ਕਈ ਕੁੱਤਿਆਂ ਨੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ। ਇਸ ਘਟਨਾ ਨੂੰ ਲੈ ਕੇ ਕਿਲ੍ਹਾ ਮੁਹੱਲੇ ਵਿੱਚ ਲੋਕਾਂ ਨੇ ਨਗਰ ਨਿਗਮ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਅਤੇ ਦੋਸ਼ ਲਾਇਆ ਕਿ ਇਸ ਸਮੱਸਿਆ ਨਾਲ ਨਿਪਟਣ ਲਈ ਨਿਗਮ ਨਿਗਮ ਵੱਲੋਂ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਜੇਕਰ ਨਗਰ ਨਿਗਮ ਨੇ ਜਲਦ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਤਾਂ ਅਸੀਂ ਸ਼ਹਿਰ ਦੇ ਆਵਾਰਾ ਕੁੱਤਿਆਂ ਨੂੰ ਇਕੱਠਾ ਕਰਕੇ ਮੇਅਰ ਦੇ ਘਰ ਦੇ ਸਾਹਮਣੇ ਬੰਨ੍ਹ ਦਵਾਂਗੇ।
ਇਹ ਵੀ ਪੜ੍ਹੋ: ਗਹਿਰੀ ਧੁੰਦ ਕਾਰਨ ਸਰਹਿੰਦ ਜੀਟੀ ਰੋਡ 'ਤੇ ਟਕਰਾਈਆਂ 25 ਤੋਂ 30 ਗੱਡੀਆਂ, 1 ਦੀ ਮੌਤ
ਕਰੀਬ ਡੇਢ ਕਰੋੜ ਰੁਪਿਆ ਖਰਚ ਕਰਕੇ ਅਵਾਰਾ ਕੁੱਤਿਆਂ ਦੀ ਨਸਬੰਦੀ ਕਰਨ ਵਾਲੀ ਕੰਪਨੀ ਦੇ ਪ੍ਰਤੀਨਿਧੀਆਂ ਨੇ ਸ਼ੁਰੂ ਵਿੱਚ ਇਹ ਦਾਅਵਾ ਕੀਤਾ ਸੀ ਕਿ ਨਸਬੰਦੀ ਕਾਰਨ ਕੁੱਤਿਆਂ ਦੀ ਸੰਖਿਆ ਵਿੱਚ ਕਮੀ ਹੋਵੇਗੀ। ਨਸਬੰਦੀ ਤੋਂ ਬਾਅਦ ਕੁੱਤਿਆਂ ਵਿੱਚ ਹਿੰਸਾ ਕਾਫੀ ਘੱਟ ਹੋ ਜਾਂਦੀ ਹੈ ਇਸ ਲਈ ਕੁੱਤਿਆਂ ਵੱਲੋਂ ਵੱਢੇ ਜਾਣ ਦੇ ਮਾਮਲੇ ਵੀ ਘੱਟ ਹੋਣਗੇ । ਪਰ ਕੰਪਨੀ ਦਾ ਇਹ ਦਾਅਵਾ ਬਿਲਕੁਲ ਖੋਖਲਾ ਲੱਗਦਾ ਹੈ ਕਿਉਂਕਿ ਇਨ੍ਹਾਂ ਦਿਨਾਂ ਜੋ ਘਟਨਾਵਾਂ ਹੋ ਰਹੀਆਂ ਹਨ ਉਨ੍ਹਾਂ ਵਿੱਚ ਕੁੱਤੇ ਪਹਿਲੇ ਤੋਂ ਵੀ ਜ਼ਿਆਦਾ ਹਿੰਸਕ ਨਜ਼ਰ ਆ ਰਹੇ ਹਨ।