ਜਲੰਧਰ: ਕਰਤਾਰਪੁਰ ਵਿਖੇ ਸੁਸ਼ੋਭਿਤ ਗੁਰਦੁਆਰਾ ਗੰਗਸਰ ਦਾ ਇਕ ਵੱਖਰਾ ਇਤਿਹਾਸ ਹੈ। ਦੱਸਿਆ ਜਾਂਦਾ ਹੈ ਕਿ ਕਰਤਾਰਪੁਰ ਨਗਰ ਦੀ ਇਹ ਜ਼ਮੀਨ ਮੁਗ਼ਲ ਬਾਦਸ਼ਾਹ ਅਕਬਰ ਨੇ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਹੀ ਕਰਤਾਰਪੁਰ ਨਗਰ ਨੂੰ ਵਸਾਇਆ ਗਿਆ ਹੈ। ਸੰਨ 1650 ਵਿਖੇ ਮੁਗਲ ਬਾਦਸ਼ਾਹ ਅਕਬਰ ਵੱਲੋਂ ਗੁਰੂ ਜੀ ਇਹ ਜ਼ਮੀਨ ਭੇਂਟ ਕੀਤੀ ਗਈ ਅਤੇ ਸੰਨ 1651 ਨੂੰ ਗੁਰੂ ਸਾਹਿਬ ਨੇ ਇਸ ਨਗਰ ਕਰਤਾਰਪੁਰ ਦੀ ਨੀਵ ਰੱਖੀ ਜਿਸ ਸਥਾਨ ਉੱਤੇ ਗੁਰੂ ਜੀ ਵੱਲੋਂ ਨੀਂਵ ਰੱਖੀ ਗਈ ਸੀ, ਉੱਥੇ ਅੱਜ ਵੀ ਗੁਰਦੁਆਰਾ ਗੰਗਸਰ ਸਾਹਿਬ ਸੁਸ਼ੋਭਿਤ ਹੈ।
ਗੁਰੂਜੀ ਜੀ ਵੱਲੋਂ ਆਪਣੇ ਹੱਥੀ ਖੁਦਵਾਇਆ ਖੂਹ ਅੱਜ ਵੀ ਮੌਜੂਦ : ਕਰਤਾਰਪੁਰ ਵਿਖੇ ਗੁਰਦੁਆਰਾ ਗੰਗਸਰ ਦੇ ਨਾਲ ਹੀ ਗੁਰਦੁਆਰਾ ਮੰਜੀ ਸਾਹਿਬ ਸਥਿਤ ਹੈ, ਜਿੱਥੇ ਗੁਰੂ ਅਰਜੁਨ ਦੇਵ ਜੀ ਹਰ ਰੋਜ਼ ਦੀਵਾਨ ਸਜਾਇਆ ਕਰਦੇ ਸੀ। ਇੱਕ ਦਿਨ ਦੀਵਾਨ ਵਿੱਚ ਸੰਗਤਾਂ ਵੱਲੋਂ ਗੁਰੂ ਜੀ ਨੂੰ ਅਰਜ਼ ਕੀਤੀ ਗਈ ਕਿ ਉਨ੍ਹਾਂ ਨੂੰ ਪਾਣੀ ਦੀ ਬਹੁਤ ਤੰਗੀ ਹੈ ਅਤੇ ਗੁਰੂ ਜੀ ਇਸ ਦਾ ਕੋਈ ਹੱਲ ਕੱਢਣ ਜਿਸ ਤੋਂ ਬਾਅਦ ਗੁਰੂ ਜੀ ਵੱਲੋਂ ਇੱਥੇ ਇੱਕ ਖੂਹ ਆਪਣੀ ਹੱਥੀ ਖੁਦਵਾਇਆ। ਇਹ ਖੂਹ ਅੱਜ ਵੀ ਗੁਰਦੁਆਰਾ ਗੰਗਸਰ ਵਿਖੇ ਮੌਜੂਦ ਹੈ ਅਤੇ ਇਸੇ ਖੂਹ ਦੇ ਪਾਣੀ ਨੂੰ ਗੁਰਦੁਆਰਾ ਸਾਹਿਬ ਵਿਖੇ ਬਣੇ ਸਰੋਵਰ ਵਿੱਚ ਪਹੁੰਚਾਇਆ ਜਾਂਦਾ ਹੈ, ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆਕੇ ਇਸਨਾਨ ਕਰਦੀਆਂ ਹਨ।
"ਖੂਹ ਦੇ ਪਾਣੀ ਨਾਲ ਇਸਨਾਨ ਕਰਨ 'ਤੇ ਕਈ ਬਿਮਾਰੀਆਂ ਹੁੰਦੀਆਂ ਨੇ ਠੀਕ" : ਗੁਰਦੁਆਰਾ ਗੰਗਸਰ ਦੇ ਗ੍ਰੰਥੀ ਭਾਈ ਹਰਿ ਰਾਜ ਸਿੰਘ ਦੱਸਦੇ ਨੇ ਕਿ ਜਿਸ ਵੇਲੇ ਗੁਰੂ ਅਰਜੁਨ ਦੇਵ ਜੀ ਕਾਰਰਾਰਪੁਰ ਵਿਖੇ ਆਪਣਾ ਦੀਵਾਨ ਸਜਾਇਆ ਕਰਦੇ ਸਨ, ਉਸ ਵੇਲ੍ਹੇ ਉਨ੍ਹਾਂ ਦਾ ਇੱਕ ਸੇਵਕ ਹੋਇਆ ਕਰਦਾ ਸੀ ਜਿਸ ਦਾ ਨਾਮ ਵੈਸਾਖੀ ਰਾਮ ਸੀ। ਇੱਕ ਵਾਰ ਜਦ ਵੈਸਾਖੀ ਰਾਮ ਨੇ ਗੁਰੂ ਨੂੰ ਕਿਹਾ ਕਿ ਉਹ ਹਰਿਦ੍ਵਾਰ ਜਾਕੇ ਗੰਗਾ ਵਿੱਚ ਇਸਨਾਨ ਕਰਨਾ ਚਾਹੁੰਦਾ ਹੈ, ਤਾਂ ਗੁਰੂ ਨੇ ਉਸ ਨੂੰ ਕਿਹਾ ਕਿ ਖੂਹ ਦੇ ਪਾਣੀ ਨਾਲ ਇਸਨਾਨ ਕਰ ਲਵੇ ਇਹ ਪਾਣੀ ਵੀ ਗੰਗਾ ਵਾਂਗ ਪਵਿੱਤਰ ਹੈ।
ਪਰ, ਵਾਰ ਵਾਰ ਗੁਰੂ ਜੀ ਦੇ ਮਨਾ ਕਰਨ ਦੇ ਉਹ ਨਹੀਂ ਮੰਨਿਆ ਜਿਸ ਤੋਂ ਬਾਅਦ ਗੁਰੂ ਜੀ ਨੇ ਉਸ ਨੂੰ ਇਕ ਗੜਵਾ ਦਿੱਤਾ ਅਤੇ ਕਿਹਾ ਕਿ ਜੇ ਉਹ ਹਰਿਦੁਆਰ ਜਾ ਕੇ ਇਸਨਾਨ ਕਰਨਾ ਹੀ ਚਾਹੁੰਦਾ ਹੈ, ਤਾਂ ਉਨ੍ਹਾਂ ਲਈ ਵੀ ਗੰਗਾ ਜਲ ਲੈ ਆਵੇ। ਜਦ ਵੈਸਾਖੀ ਰਾਮ ਹਰਿਦ੍ਵਾਰ ਗਿਆ ਤਾਂ ਉਸ ਕੋਲੋ ਗੰਗਾ ਵਿੱਚ ਉਹ ਗੜਵਾ ਗੁਆਚ ਗਿਆ ਜਿਸ ਨੂੰ ਗੁਰੂ ਜੀ ਵੱਲੋਂ ਗੁਰਦੁਆਰਾ ਗੰਗਸਰ ਵਿਖੇ ਖੋਦੇ ਗਏ ਖੂਹ ਚੋਂ ਲੱਭ ਲਿਆ ਗਿਆ। ਇਸ ਤੋਂ ਬਾਅਦ ਗੁਰੂ ਜੀ ਨੇ ਇਹ ਵਰਦਾਨ ਦਿੱਤਾ ਕਿ ਜੋ ਕੋਈ ਵੀ ਇਸ ਖੂਹ ਦੇ ਪਾਣੀ ਨਾਲ ਇਸਨਾਨ ਕਰੇਗਾ ਉਸ ਦੀਆਂ ਚਮੜੀ ਰੋਗ ਅਤੇ ਮਾਨਸਿਕ ਰੋਗ ਨਾਲ ਜੁੜੀਆਂ ਬਿਮਾਰੀਆਂ ਠੀਕ ਹੋ ਜਾਣਗੀਆਂ। ਉਦੋਂ ਤੋਂ ਲੈਕੇ ਅੱਜ ਤੱਕ ਲੋਕ ਇੱਥੇ ਇਸਨਾਨ ਕਰਨ ਆਉਂਦੇ ਹਨ ਅਤੇ ਬਹੁਤ ਸਾਰੇ ਲੋਕਾਂ ਨੂੰ ਇਨ੍ਹਾਂ ਬਿਮਾਰੀਆਂ ਤੋਂ ਨਿਜਾਤ ਵੀ ਮਿਲਦੀ ਹੈ।
ਇਹ ਵੀ ਪੜ੍ਹੋ: ਖਾਲਿਸਤਾਨ ਜ਼ਿੰਦਾਬਾਦ ਦੇ ਲਿਖੇ ਨਾਅਰੇ, SFJ ਮੁਖੀ ਗੁਰਪਤਵੰਤ ਪੰਨੂੰ ਨੇ ਸੀਐਮ ਭਗਵੰਤ ਮਾਨ ਨੂੰ ਦਿੱਤੀ ਧਮਕੀ !