ਜਲੰਧਰ: ਪੁਲਵਾਮਾ ਹਮਲੇ ਤੋਂ ਬਾਅਦ ਮਸ਼ਹੂਰ ਲਵਲੀ ਪ੍ਰੋਫ਼ੈਸ਼ਲ ਯੂਨੀਵਰਸਿਟੀ ਦੇ ਇੱਕ ਕਸ਼ਮੀਰੀ ਪ੍ਰੋਫ਼ੈਸਰ ਨੇ ਫ਼ੇਸਬੁੱਕ 'ਤੇ ਵਿਵਾਦਿਤ ਪੋਸਟ ਪਾਈ ਜਿਸ ਤੋਂ ਬਾਅਦ ਉਨ੍ਹਾਂ ਦਾ ਜ਼ੋਰਦਾਰ ਵਿਰੋਧ ਹੋਇਆ। ਹਾਲਾਂਕਿ ਇਹ ਵਿਰੋਧ ਵੀ ਸੋਸ਼ਲ ਮੀਡੀਆ 'ਤੇ ਹੀ ਹੋਇਆ ਪਰ ਇਸ ਤੋਂ ਬਾਅਦ ਪ੍ਰੋਫ਼ੈਸਰ ਅਸਤੀਫ਼ਾ ਦੇ ਕੇ ਵਾਪਸ ਕਸ਼ਮੀਰ ਚਲੇ ਗਏ।
ਹਾਲਾਂਕਿ ਪ੍ਰੋਫ਼ੈਸਰ ਸਲਮਾਨ ਸ਼ਾਹੀਨ ਦਾ ਕਹਿਣਾ ਹੈ ਕਿ ਉਨ੍ਹਾਂ ਤੋਂ ਅਸਤੀਫ਼ਾ ਲਿਆ ਗਿਆ ਪਰ ਯੂਨੀਵਰਸਿਟੀ ਪ੍ਰਬੰਧਨ ਦਾ ਕਹਿਣਾ ਹੈ ਕਿ ਸਲਮਾਨ ਸ਼ਹੀਨ ਆਪਣੀ ਮਰਜ਼ੀ ਨਾਲ ਅਸਤੀਫ਼ਾ ਦੇ ਕੇ ਗਏ ਹਨ।
ਸਲਮਾਨ ਸ਼ਹੀਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਪੁਲਵਾਮਾ ਹਮਲੇ ਤੋਂ ਬਾਅਦ ਸਿਰਫ਼ ਇੰਨਾ ਲਿਖਿਆ ਸੀ ਕਿ ਕਸ਼ਮੀਰ ਵਿਚ ਬੰਦੂਕ ਦੀ ਜਗ੍ਹਾਂ ਪਿਆਰ ਦੀ ਭਾਸ਼ਾ ਦਾ ਇਸਤੇਮਾਲ ਹੋਣਾ ਚਾਹੀਦਾ ਹੈ ਅਤੇ ਜਦੋਂ ਕਿਸੇ ਕਸ਼ਮੀਰੀ ਦਾ ਨੁਕਸਾਨ ਹੁੰਦਾ ਹੈ ਤਾਂ ਉਸ ਬਾਰੇ ਵੀ ਦੱਸਿਆ ਜਾਣਾ ਚਾਹੀਦਾ ਹੈ। ਸਲਮਾਨ ਸ਼ਾਹੀਨ ਮੁਤਾਬਕ ਉਨਾਂ ਦੀ ਪੋਸਟ ਨੂੰ ਕੁੱਝ ਨੌਜਵਾਨਾਂ ਨੇ ਬਦਲ ਕੇ ਪੇਸ਼ ਕੀਤਾ ਜਿਸ 'ਚ ਇਹ ਵੀ ਲਿਖਿਆ ਸੀ ਕਿ ਜੋ ਕੋਈ ਜੇਹਾ ਬੀਜੇਗਾ, ਓਹੀ ਵੱਢਣਾ ਪਏਗਾ।
ਇਸ ਦੌਰਾਨ ਐਲਪੀਯੂ ਦੇ ਐਸੋਸੀਏਟ ਡਾਇਰੈਕਟਰ ਅਮਨ ਮਿੱਤਲ ਨੇ ਦੱਸਿਆ ਕਿ ਸਲਮਾਨ ਸ਼ਾਹੀਨ ਨੇ ਆਪਣਾ ਅਸਤੀਫਾ ਆਪਣੀ ਮਰਜ਼ੀ ਨਾਲ ਦਿੱਤਾ ਹੈ ਅਤੇ ਯੂਨੀਵਰਸਿਟੀ ਨੇ ਉਸ ਨੂੰ ਕਬੂਲ ਕੀਤਾ ਹੈ । ਉਨ੍ਹਾਂ ਕਿਹਾ ਕਿ ਸਲਮਾਨ ਸ਼ਾਹੀਨ ਨੇ ਅਸਤੀਫ਼ਾ ਦੇਣ ਤੋਂ ਪਹਿਲੇ ਯੂਨੀਵਰਸਿਟੀ ਵੱਲੋਂ ਬਣਾਏ ਗਏ ਦੋ ਮਹੀਨੇ ਦੀ ਤਨਖ਼ਾਹ ਡਿਪਾਜ਼ਿਟ ਕਰਵਾਉਣ ਜਾਂ ਫਿਰ ਦੋ ਮਹੀਨੇ ਪਹਿਲੇ ਨੋਟਿਸ ਦੇਣ ਤੱਕ ਦੇ ਨਿਯਮ ਦੀ ਦੀ ਪਾਲਣਾ ਨਹੀਂ ਕੀਤੀ । ਸਗੋਂ ਯੂਨੀਵਰਸਿਟੀ ਨੇ ਉਨ੍ਹਾਂ ਨਾਲ ਹਰ ਤਰੀਕੇ ਦਾ ਕੰਪਰੋਮਾਈਜ਼ ਕੀਤਾ ਹੈ ।