ਜਲੰਧਰ: ਦੇਸ਼ ਵਿੱਚ ਫੈਲੀ ਮਹਾਂਮਾਰੀ ਕਾਰਨ ਵਿਗੜੇ ਹਾਲਾਤ ਦਾ ਅਸਰ ਹਰੇਕ ਵਰਗ 'ਤੇ ਪਿਆ ਹੈ। ਭਾਵੇਂ ਕੋਈ ਛੇਟੇ ਤਬਕੇ ਦਾ ਵਪਾਰੀ ਹੋਵੇ ਜਾਂ ਕੋਈ ਵੱਡੇ ਪੱਧਰ ਦਾ ਵਪਾਰੀ। ਕੋਰੋਨਾ ਕਾਰਨ ਹਰੇਕ ਦੀ ਸਥਿਤੀ ਡਾਂਵਾਡੋਲ ਹੋਈ ਪਈ ਹੈ ਤੇ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਰਿਹਾ ਹੈ।
ਅਜਿਹੇ ਦੌਰ ਵਿੱਚ ਵੀ ਕੁੱਝ ਲੋਕ ਹਿੰਮਤ ਨਹੀਂ ਹਾਰਦੇ ਤੇ ਮਿਹਨਤ ਕਰਕੇ 2 ਵਕਤ ਦੀ ਰੋਟੀ ਖਾਂਦੇ ਹਨ। ਅਜਿਹੀ ਹੀ ਕਹਾਣੀ ਹੈ ਜਲੰਧਰ ਦੀ ਰਹਿਣ ਵਾਲੀ ਦੋ-ਪਹੀਆ ਟੈਕਸੀ ਡਰਾਈਵਰ ਕਾਂਤਾ ਚੌਹਾਨ ਦੀ, ਜੋ ਕਿ ਪਹਿਲਾਂ ਟੈਕਸੀ ਡਰਾਈਵਰ ਸੀ ਪਰ ਹੁਣ ਕੰਮ ਠੱਪ ਹੋਣ ਕਰਕੇ ਉਹ ਪਰੌਂਠੀਆਂ ਦੀ ਰੇਹੜੀ ਲਾਉਂਦੀ ਹੈ ਤੇ ਘਰ ਦਾ ਗੁਜ਼ਾਰਾ ਕਰਦੀ ਹੈ।
ਦੋ ਪਹੀਆ ਚਲਾਉਣ ਵਾਲੀ ਪਹਿਲੀ ਟੈਕਸੀ ਡਰਾਈਵਰ
ਜ਼ਿਕਰਯੋਗ ਹੈ ਕਿ ਕਾਂਤਾ ਚੌਹਾਨ ਜਲੰਧਰ ਦੀ ਪਹਿਲੀ ਅਜਿਹੀ ਮਹਿਲਾ ਹੈ ਜਿਸ ਨੇ ਆਪਣੀ ਐਕਟਿਵਾ ਨੂੰ ਦੋਪਹੀਆ ਟੈਕਸੀ ਦੇ ਰੂਪ ਵਿੱਚ ਇਸਤੇਮਾਲ ਕਰਦਿਆਂ ਇਸ ਨੂੰ ਕੰਮ ਦੇ ਰੂਪ ਵਿੱਚ ਅਪਣਾਇਆ ਸੀ, ਪਰ ਹੁਣ ਕੋਰੋਨਾ ਕਰਕੇ ਇਹ ਕੰਮ ਬਿਲਕੁਲ ਬੰਦ ਹੋ ਗਿਆ ਹੈ।
ਹੁਣ ਕੋਰੋਨਾ ਕਾਰਨ ਲੌਕਡਾਊਨ ਲੱਗਿਆ ਹੋਇਆ ਹੈ ਤੇ ਉਸ ਨੂੰ ਇਧਰ-ਉਧਰ ਲਿਜਾਣ ਲਈ ਸਵਾਰੀਆਂ ਹੀ ਨਹੀਂ ਮਿਲਦੀਆਂ। ਹਾਲਾਤ ਇਹ ਹਨ ਕਿ ਘਰ ਚਲਾਉਣ ਲਈ ਕਾਂਤਾ ਚੌਹਾਨ ਨੇ ਆਪਣੇ ਘਰ ਤੋਂ ਕਰੀਬ 10 ਕਿਲੋਮੀਟਰ ਦੂਰ ਜਲੰਧਰ ਦੇ ਦੋਆਬਾ ਚੌਕ ਵਿਖੇ ਪਰੌਂਠਿਆਂ ਦੀ ਰੇਹੜੀ ਲਾਉਂਦੀ ਹੈ ਤੇ ਘਰ ਦਾ ਗੁਜ਼ਾਰਾ ਕਰਦੀ ਹੈ।
ਸਵੇਰੇ 3 ਵਜੇ ਉੱਠ ਕੇ ਤਿਆਰ ਕਰਦੀ ਸਮਾਨ
ਕਾਂਤਾ ਚੌਹਾਨ ਦਾ ਕਹਿਣਾ ਹੈ ਕਿ ਸ਼ੁਰੂਆਤੀ ਤੌਰ 'ਤੇ ਜਦੋਂ ਉਸ ਨੇ ਆਪਣੀ ਐਕਟਿਵਾ ਨੂੰ ਬਤੌਰ ਦੋ-ਪਹੀਆ ਟੈਕਸੀ ਇਸਤੇਮਾਲ ਕਰਕੇ ਕਮਾਈ ਦਾ ਸਾਧਨ ਬਣਾਇਆ ਸੀ ਤਾਂ ਇਹ ਕੰਮ ਬਹੁਤ ਕਾਰਗਰ ਰਿਹਾ ਸੀ ਪਰ ਜਦੋਂ ਦਾ ਕੋਰੋਨਾ ਆਇਆ ਹੈ ਤਾਂ ਇਸ ਕੰਮ ਲਈ ਉਨ੍ਹਾਂ ਨੂੰ ਸਵਾਰੀਆਂ ਨਹੀਂ ਮਿਲਦੀਆਂ। ਇਸ ਕਾਰਨ ਘਰ ਦਾ ਖਰਚਾ ਪੂਰਾ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਹੈ। ਇਹੀ ਕਾਰਨ ਹੈ ਕੀ ਹੁਣ ਉਹ ਪਰੌਂਠਿਆਂ ਦੀ ਰੇਹੜੀ ਲਗਾ ਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਹੀ ਹੈ।
ਉਸ ਮੁਤਾਬਕ ਉਹ ਸਵੇਰੇ 3 ਵਜੇ ਉੱਠ ਕੇ ਪੂਰਾ ਸਮਾਨ ਤਿਆਰ ਕਰਦੀ ਹੈ ਤੇ ਉਸ ਦੀ ਰੇਹੜੀ ਜਲੰਧਰ ਦੇ ਦੋਆਬਾ ਚੌਕ ਉੱਤੇ ਉਦੋਂ ਤੱਕ ਚੱਲਦੀ ਹੈ, ਜਦੋਂ ਤੱਕ ਉਸ ਦਾ ਸਮਾਨ ਖ਼ਤਮ ਨਹੀਂ ਹੋ ਜਾਂਦਾ। ਪਰੌਂਠਿਆਂ ਦੀ ਰੇਹੜੀ ਬਾਰੇ ਗੱਲ ਕਰਦਿਆਂ ਕਾਂਤਾ ਚੌਹਾਨ ਨੇ ਕਿਹਾ ਕਿ ਹਾਲਾਂਕਿ ਇਸ ਕੰਮ ਵਿੱਚ ਉਸ ਨੂੰ ਇੰਨੀ ਜ਼ਿਆਦਾ ਬਚਤ ਨਹੀਂ ਹੁੰਦੀ ਪਰ ਫਿਰ ਵੀ ਸਵੇਰੇ 6 ਵਜੇ ਤੋਂ ਲੈ ਕੇ ਕਰੀਬ 9 ਵਜੇ ਤੱਕ ਕਰਦੀ ਹੈ ਤੇ ਆਪਣਾ ਘਰ ਚਲਾਉਂਦੀ ਹੈ।
ਕਾਂਤਾ ਚੌਹਾਨ ਵਰਗੀਆਂ ਮਹਿਲਾਵਾਂ ਉਨ੍ਹਾਂ ਲੋਕਾਂ ਲਈ ਇੱਕ ਵੱਡੀ ਮਿਸਾਲ ਹੈ ਜੋ ਕੋਰੋਨਾ ਕਰਕੇ ਆਰਥਿਕ ਤੰਗੀ ਦੇ ਚੱਲਦੇ ਆਪਣੀ ਹਿੰਮਤ ਹਾਰ ਜਾਂਦੇ ਹਨ ਤੇ ਕਈ ਖ਼ੁਦਕੁਸ਼ੀ ਵਰਗੇ ਕਦਮ ਤੱਕ ਚੁੱਕ ਬੈਠੇ ਹਨ।