ਜਲੰਧਰ: ਲੋਕ ਅਕਸਰ ਇਹ ਸਮਝਦੇ ਨੇ ਕਿ ਔਰਤਾਂ ਹਰ ਖੇਤਰ ਵਿੱਚ ਕੰਮ ਨਹੀਂ ਕਰ ਸਕਦੀਆਂ ਪਰ ਔਰਤਾਂ ਨੇ ਇਸ ਗੱਲ ਨੂੰ ਹਰ ਵਾਰ ਗਲਤ ਠਹਿਰਾ ਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਹ ਕੋਈ ਵੀ ਕੰਮ ਕਰ ਸਕਦੀਆਂ ਹਨ। ਅਜਿਹਾ ਹੀ ਜਲੰਧਰ ਦੀ ਇੱਕ ਮਹਿਲਾ ਨੇ ਕਰਕੇ ਵਿਖਾਇਆ ਹੈ।
ਜਲੰਧਰ ਦੀਆਂ ਸੜਕਾਂ ਤੇ ਹੈਲਮੇਟ ਪਾ ਕੇ ਪਿੱਛੇ ਸਵਾਰੀ ਬਿਠਾ ਕੇ ਲਿਜਾਂਦੀ ਹੋਈ ਇਸ ਮਹਿਲਾ ਦਾ ਨਾਂਅ ਕਾਂਤਾ ਚੌਹਾਨ ਹੈ ਜੋ ਅਜਿਹੀ ਪਹਿਲੀ ਮਹਿਲਾ ਹੈ ਜਿਸ ਨੇ ਰੈਪਿਡੋ ਕੰਪਨੀ ਵਿੱਚ ਆਪਣੀ ਐਕਟਿਵਾ ਲਗਾ ਕੇ ਕਮਾਈ ਦਾ ਸਾਧਨ ਬਣਾਇਆ।
ਕਾਂਤਾ ਚੌਹਾਨ ਦਾ ਪਤੀ ਆਟੋ ਚਲਾਉਂਦਾ ਹੈ ਜਿਸ ਨਾਲ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਹੁੰਦਾ ਸੀ ਇਹੀ ਕਾਰਨ ਸੀ ਕਿ ਕਾਂਤਾ ਚੌਹਾਨ ਨੇ ਆਪਣੇ ਪਤੀ ਦੇ ਨਾਲ ਕੰਮ ਵਿੱਚ ਖ਼ੁਦ ਵੀ ਹੱਥ ਵਟਾਉਣ ਦੀ ਕੋਸ਼ਿਸ਼ ਕੀਤੀ।
ਕਾਂਤਾ ਚੌਹਾਨ ਦੇ ਇਸ ਕੰਮ ਤੋਂ ਕਈ ਲੋਕ ਨਾ ਸਿਰਫ ਹੈਰਾਨ ਨੇ ਬਲਕਿ ਜੋ ਸਵਾਰੀਆਂ ਉਸ ਦੀ ਐਕਟਿਵਾ ਤੇ ਸਫ਼ਰ ਕਰਦੀਆਂ ਨੇ ਉਹ ਖੁਦ ਉਸ ਨੂੰ ਸਲਾਮ ਕਰਦੀਆਂ ਹਨ ਕਿਉਂਕਿ ਉਸ ਨੇ ਇੱਕ ਮਹਿਲਾ ਹੁੰਦੇ ਹੋਏ ਆਪਣੇ ਆਪ ਨੂੰ ਆਪਣੇ ਪੈਰਾਂ ਉੱਤੇ ਖੜ੍ਹਾ ਕੀਤਾ ਤੇ ਘਰ ਚਲਾਇਆ ਹੈ। ਅੱਜ ਕਾਂਤਾ ਚੌਹਾਨ ਉਨ੍ਹਾਂ ਔਰਤਾਂ ਲਈ ਇੱਕ ਮਿਸਾਲ ਬਣ ਗਈ ਹੈ ਜੋ ਆਪਣੇ ਘਰ ਦੇ ਹਾਲਾਤਾਂ ਨੂੰ ਦੇਖਦਿਆਂ ਹਿੰਮਤ ਹਾਰ ਜਾਂਦੀਆਂ ਹਨ।