ਜਲੰਧਰ: ਦਿਹਾਤੀ ਪੁਲਿਸ ਨੇ ਲੋਕਾਂ ਨੂੰ ਰੁਪਏ ਡਬਲ ਕਰਨ ਦਾ ਲਾਲਚ ਦੇ ਕੇ ਠੱਗਣ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਕਾਬੂ ਕਰ ਲਿਆ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਇੱਕ ਕਾਰ ਅਤੇ 5 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਪੁਲਿਸ ਨੇ ਇਨ੍ਹਾਂ ਨੂੰ ਫ਼ਿਲੌਰ ਨਾਕੇ 'ਤੇ ਚੈਕਿੰਗ ਦੌਰਾਨ ਗ੍ਰਿਫ਼ਤਾਰ ਕੀਤਾ ਹੈ।
ਦਿਹਾਤੀ ਪੁਲਿਸ ਦੀ ਗ੍ਰਿਫ਼ਤ 'ਚ ਆਉਣ ਤੋਂ ਬਾਅਦ ਇਨ੍ਹਾਂ ਦਾ ਠੱਗੀ ਕਰਨ ਦਾ ਤਰੀਕਾ ਸਾਹਮਣੇ ਆਇਆ ਹੈ। ਇਹ ਪਹਿਲਾਂ ਅਸਲੀ ਨੋਟਾਂ 'ਤੇ ਬੀਟਾਡੀਨ ਲਾ ਕੇ ਉਸ ਨੂੰ ਕੈਮੀਕਲ ਵਾਲੇ ਨੋਟ ਦੱਸਦੇ ਸਨ ਅਤੇ ਫਿਰ ਇਨ੍ਹਾਂ ਨੋਟਾਂ ਨੂੰ ਲੋਕਾਂ ਸਾਹਮਣੇ ਧੋ ਕੇ ਚਲਾ ਦਿੰਦੇ ਸਨ ਜਿਸ ਕਰਕੇ ਲੋਕਾਂ ਇਨ੍ਹਾਂ ਦੇ ਝਾਂਸੇ ਵਿੱਚ ਆ ਜਾਂਦੇ ਸਨ ਅਤੇ ਨੋਟ ਦੁੱਗਣੇ ਕਰਵਾਉਣ ਦੇ ਚੱਕਰ ਵਿੱਚ ਲੁੱਟੇ ਜਾਂਦੇ ਸਨ।
ਜਲੰਧਰ ਦਿਹਾਤੀ ਪੁਲਿਸ ਦੇ ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਫ਼ਿਲੌਰ ਦੇ ਨਜ਼ਦੀਕ ਉਨ੍ਹਾਂ ਦੀ ਟੀਮ ਨੇ ਨਾਕਾ ਲਾਇਆ ਹੋਇਆ ਸੀ ਜਿਸ ਦੌਰਾਨ ਇਨ੍ਹਾਂ ਨੂੰ ਸ਼ੱਕ ਦੇ ਆਧਾਰ ਤੇ 5 ਲੱਖ ਦੀ ਨਕਦੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਇਨ੍ਹਾਂ ਦੱਸਿਆ ਕਿ ਕਿਵੇਂ ਇਹ ਭੋਲ ਭਾਲੇ ਲੋਕਾਂ ਨੂੰ ਆਪਣੇ ਚੁੰਗਲ ਵਿੱਚ ਫਸਾਉਂਦੇ ਸਨ।
ਇਸ ਤੋਂ ਬਾਅਦ ਐੱਸਐੱਸਪੀ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਨਾਲ ਵੀ ਠੱਗੀ ਹੋਈ ਹੈ ਉਹ ਉਨ੍ਹਾਂ ਨੂੰ ਸ਼ਿਕਾਇਤ ਲਿਖਾ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਅਜਿਹੇ ਲੋਕਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।