ਜਲੰਧਰ: ਅੱਜ ਸੂਬੇ ਭਰ ਵਿੱਚ ਵੀਕੈਂਡ ਲੌਕਡਾਊਨ ਹੈ ਇਸ ਦੌਰਾਨ ਜਲੰਧਰ ਦਾ ਬੱਸ ਸਟੈਂਡ ਸੁੰਨਾ ਨਜ਼ਰ ਆਇਆ ਕਿਉਂਕਿ ਅੱਜ ਅਤੇ ਭਲਕੇ ਇੰਟਰਸਟੇਟ ਬੱਸ ਸਰਵਿਸ ਬਿਲਕੁਲ ਬੰਦ ਹੈ।
ਜੇ ਕਿਸੇ ਨੇ ਸੂਬੇ ਦੇ ਕਿਸੇ ਸ਼ਹਿਰ ਜਿਵੇਂ ਅੰਮ੍ਰਿਤਸਰ ,ਲੁਧਿਆਣਾ, ਬਟਾਲਾ, ਮੋਗਾ, ਹੁਸ਼ਿਆਰਪੁਰ, ਪਠਾਨਕੋਟ, ਮੋਹਾਲੀ ਜਾਣਾ ਹੈ ਤਾਂ ਉਹ 15 ਸਵਾਰੀਆਂ ਜਿਨ੍ਹਾਂ ਕੋਲ ਪਾਸ ਹਨ ਉਨ੍ਹਾਂ ਦਾ ਮੈਡੀਕਲ ਚੈੱਕਅਪ ਤੋਂ ਬਾਅਦ ਬੱਸਾ ਚੱਲ ਸਕਣਗੀਆਂ। ਬਾਕੀ ਦੇ ਦਿਨ ਬੱਸਾਂ ਰੂਟੀਨ ਨਾਲ ਹੀ ਚੱਲਣਗੀਆਂ।
ਇੱਥੇ ਮੌਜੂਦ ਬੱਸ ਸਟੈਂਡ ਦੇ ਅਧਿਕਾਰੀ ਤਰਸੇਮ ਸਿੰਘ ਨੇ ਕਿਹਾ ਕਿ ਅੱਜ ਇੱਥੇ ਕੋਈ ਵੀ ਸਵਾਰੀ ਨਹੀਂ ਆਈ ਹੈ ਪਰ ਜੇ 10 ਜਾਂ 15 ਲੋਕ ਇਕੱਠੇ ਹੋ ਕੇ ਕਿਸੇ ਸ਼ਹਿਰ ਵਿੱਚ ਜਾਣ ਲਈ ਆਉਂਦੇ ਹਨ ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਸ਼ਹਿਰ ਡਿੱਪੂ ਵਿੱਚੋਂ ਬੱਸ ਕੱਢ ਕੇ ਭਿਜਵਾ ਦਿੱਤਾ ਜਾਵੇਗਾ।
ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਦੇ ਖਤਰੇ ਨੂੰ ਵੇਖਦਿਆਂ ਬੀਤੇ ਦਿਨੀਂ ਹੀ ਵੀਕੈਂਡ ਅਤੇ ਜਨਤਕ ਛੁੱਟੀਆਂ ਵਾਲੇ ਦਿਨ ਸਖ਼ਤ ਲੌਕਡਾਊਨ ਦੇ ਹੁਕਮ ਦਿੱਤੇ ਹਨ ਜਿਸ ਦੀ ਅੱਜ ਤੋਂ ਸ਼ੁਰੂਆਤ ਹੋ ਗਈ ਹੈ।